ਗੜ੍ਹਚਿਰੌਲੀ— ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲੇ ‘ਚ ਵੀਰਵਾਰ ਨੂੰ ਨਕਸਲੀਆਂ ਨੇ ਕਥਿਤ ਤੌਰ ‘ਤੇ 6 ਵਾਹਨਾਂ ਨੂੰ ਅੱਗ ਲੱਗਾ ਦਿੱਤੀ। ਇਨ੍ਹਾਂ ਵਾਹਨਾਂ ‘ਚ ਟਰੈਕਟਰ ਵੀ ਸਨ, ਜਿਸ ‘ਚ ਨਿਰਮਾਣ ਕੰਮ ਨਾਲ ਜੁੜਿਆ ਸਾਮਾਨ ਭਰਿਆ ਹੋਇਆ ਸੀ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਡੋਂਗਰਗਾਓਂ ਪੁਲਸ ਚੌਕੀ ਕੋਲ ਕੋਰਚੀ ਤਹਿਸੀਲ ‘ਚ ਸਵੇਰੇ ਇਹ ਘਟਨਾ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਕਰੀਬ 12 ਮਾਓਵਾਦੀਆਂ ਦੇ ਸਮੂਹ ਨੇ ਚਾਰ ਟਰੈਕਟਰਾਂ ਅਤੇ 2 ਜੇ.ਸੀ.ਬੀ. ਮਸ਼ੀਨਾਂ ਨੂੰ ਅੱਗ ਲੱਗਾ ਦਿੱਤੀ। ਇਹ ਵਾਹਨ ਇਲਾਕੇ ‘ਚ ਨਿਰਮਾਣ ਕੰਮ ਲਈ ਲਿਆਂਦੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਕੁਰਖੇੜਾ-ਕੋਚੀ-ਚਿਚਗਦ ਮਾਰਗ ‘ਤੇ ਦਰੱਖਤਾਂ ਨੂੰ ਕੱਟ ਕੇ ਅਤੇ ਰਸਤੇ ‘ਤੇ ਉਸ ਦੀਆਂ ਟਹਿਣੀਆਂ ਬਿਖੇਰ ਕੇ ਮਾਓਵਾਦੀਆਂ ਨੇ ਮਾਰਗ ਜਾਮ ਕੀਤਾ।
ਉਨ੍ਹਾਂ ਨੇ ਕਿਹਾ,”ਪੁਲਸ ਨੂੰ ਸ਼ੱਕ ਹੈ ਕਿ ਘਟਨਾ ਦੇ ਪਿੱਛੇ ਉੱਤਰ ਗੜਚਿਰੌਲੀ ਦੇ ਮਾਓਵਾਦੀਆਂ ਦੀ ਕਮੇਟੀ ਦੇ ਸ਼ੱਕੀ ਸਮੂਹ ਦਾ ਹੱਥ ਹੈ, ਕਿਉਂਕਿ ਹਾਦਸੇ ਵਾਲੀ ਜਗ੍ਹਾ ਤੋਂ ਮਾਓਵਾਦੀਆਂ ਦੇ ਕੁਝ ਬੈਨਰ ਬਰਾਮਦ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੇ ਸੰਬੰਧ ‘ਚ ਜਾਂਚ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਮਾਓਵਾਦੀ 25 ਤੋਂ 31 ਜਨਵਰੀ ਤੱਕ ਨਕਸਲ ਹਫਤਾ ਮਨਾ ਰਹੇ ਹਨ। ਪੁਲਸ ਅਨੁਸਾਰ ਇਸ ਦੌਰਾਨ ਨਕਸਲੀ ਬੈਠਕਾਂ ਅਤੇ ਸਭਾਵਾਂ ਆਯੋਜਿਤ ਕਰਨ ਦੇ ਨਾਲ ਪ੍ਰਚਾਰ ਕਰਦੇ ਹਨ। ਇਸ ਦੌਰਾਨ ਸੜਕਾਂ, ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਸੁਰੱਖਿਆ ਫੋਰਸਾਂ ‘ਤੇ ਹਮਲਿਆਂ ਤੋਂ ਇਲਾਵਾ ਨਵੇਂ ਮੈਂਬਰਾਂ ਦੀ ਭਰਤੀ ਕੀਤੀ ਜਾਂਦੀ ਹੈ, ਮੁਹਿੰਮਾਂ ਦੀ ਸਮੀਖਿਆ ਕੀਤੀ ਜਾਂਦੀ ਹੈ।