ਬਲੀਆ— ਆਪਣੇ ਬਿਆਨਾਂ ਨਾਲ ਚਰਚਾ ‘ਚ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਸੁਰੇਂਦਰ ਸਿੰਘ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਸਮਾਜਵਾਦੀ ਪਾਰਟੀ (ਸਪਾ) ਨਾਲ ਗਠਜੋੜ ਕਰ ਕੇ ਮਰਿਆਦਾ ਦਾ ਹਨਨ ਕੀਤਾ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ‘ਚ ਸਪਾ ਅਤੇ ਬਸਪਾ ਨੇ ਲੋਕ ਸਭਾ ਚੋਣਾਂ ਲਈ ਹੱਥ ਮਿਲਾਇਆ ਹੈ ਅਤੇ ਦੋਹਾਂ ਨੇ ਰਾਜ ਦੀਆਂ 38-38 ਸੀਟਾਂ ‘ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ।
ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਕਿਹਾ,”ਮਾਇਆਵਤੀ ਨੇ ਸੱਤਾ ਲਾਭ ਲੈਣ ਲਈ ਉਹ ਕੰਮ ਕੀਤਾ ਹੈ, ਜੋ ਮਨੁੱਖੀ ਜੀਵਨ ਜਿਉਂਣ ਵਾਲਾ ਕੋਈ ਵਿਅਕਤੀ ਨਹੀਂ ਕਰ ਸਕਦੀ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਇੱਜ਼ਤ ਦੀਆਂ ਧੱਜੀਆਂ ਉਡਾਈਆਂ, ਉਨ੍ਹਾਂ ਨਾਲ ਗਲੇ ਮਿਲ ਕੇ ਮਾਇਆਵਤੀ ਨੇ ਨਾਰੀ ਮਰਿਆਦਾ ਦਾ ਹਨਨ ਅਤੇ ਕਤਲ ਕੀਤਾ ਹੈ।” ਉਨ੍ਹਾਂ ਨੇ ਕਿਹਾ ਕਿ ਮਾਇਆਵਤੀ ਨੂੰ ਸਿਰਫ ਲਾਭ ਅਤੇ ਅਹੁਦਾ ਹੀ ਪ੍ਰਭਾਵਿਤ ਕਰਦਾ ਹੈ, ਭਾਵੇਂ ਕੋਈ ਅਪਸ਼ਬਦ ਬੋਲੇ ਅਤੇ ਕੁਝ ਵੀ ਕਰ ਦੇਵੇ। ਹਾਲ ਹੀ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ‘ਤੇ ਟਿੱਪਣੀ ਕਰਦੇ ਹੋਏ ਸੁਰੇਂਦਰ ਸਿੰਘ ਨੇ ਕਿਹਾ ਸੀ,”ਜਦੋਂ ਰਾਮ ਅਤੇ ਰਾਵਣ ਦਾ ਯੁੱਧ ਹੋਣ ਵਾਲਾ ਸੀ ਤਾਂ ਰਾਵਣ ਨੇ ਆਪਣੀ ਭੈਣ ਸ਼ਰੂਪਨਖਾ ਨੂੰ ਭੇਜਿਆ ਸੀ, ਲੱਗਦਾ ਹੈ ਕਿ 2019 ਦੀਆਂ ਚੋਣਾਂ ‘ਚ ਰਾਹੁਲ ਰਾਵਣ ਦੇ ਰੋਲ ‘ਚ ਹੋਵੇਗਾ ਅਤੇ ਮੋਦੀ ਰਾਮ ਦੇ ਰੂਪ ‘ਚ। ਰਾਹੁਲ ਰੂਪੀ ਰਾਵਣ ਨੇ ਆਪਣੀ ਭੈਣ ਨੂੰ ਸ਼ਰੂਪਨਖਾ ਨੂੰ ਉਤਾਰਿਆ ਹੈ। ਮੰਨ ਕੇ ਚਲੋ ਕਿ ਲੰਕਾ ‘ਤੇ ਜਿੱਤ ਹੋ ਗਈ ਹੈ।”