ਮਾਊਂਟ ਮਾਉਂਗੁਨੁਈ – ਭਾਰਤੀ ਕਪਤਾਨ ਵਿਰਾਟ ਕੋਹਲੀ ਨੌਜਵਾਨ ਕ੍ਰਿਕਟਰ ਸ਼ੁਭਮਨ ਗਿੱਲ ਤੋਂ ਕਾਫ਼ੀ ਪ੍ਰਭਾਵਿਤ ਹੈ। ਉਸ ਨੂੰ ਨੈੱਟਸ ‘ਤੇ ਬੱਲੇਬਾਜ਼ੀ ਕਰਦਿਆਂ ਦੇਖ ਕੇ ਭਾਰਤੀ ਕਪਤਾਨ ਨੇ ਮਹਿਸੂਸ ਕੀਤਾ ਕਿ ਜਦੋਂ ਉਹ 19 ਸਾਲ ਦਾ ਸੀ ਤਾਂ ਇਸ ਬੱਲੇਬਾਜ਼ ਦੇ ਮੁਕਾਬਲੇ ਦਸ ਫ਼ੀਸਦੀ ਪ੍ਰਤਿਭਾ ਵੀ ਉਸ ਵਿੱਚ ਨਹੀਂ ਸੀ। ਕੋਹਲੀ ਨੇ ਕਿਹਾ, ”ਕੁਝ ਅਸਾਧਾਰਨ ਪ੍ਰਤਿਭਾਵਾਂ ਸਾਹਮਣੇ ਆ ਰਹੀਆਂ ਹਨ। ਤੁਸੀਂ ਦੇਖਿਆ ਕਿ ਪ੍ਰਿਥਵੀ ਸ਼ਾਅ ਨੇ ਮੌਕਿਆਂ ਦਾ ਪੂਰਾ ਫ਼ਾਇਦਾ ਉਠਾਇਆ (ਵੈੱਸਟ ਇੰਡੀਜ਼ ਖ਼ਿਲਾਫ਼ ਪਹਿਲੇ ਟੈੱਸਟ ਵਿੱਚ)। ਸ਼ੁਭਮਨ ਵੀ ਕਾਫ਼ੀ ਰੋਮਾਂਚਕ ਪ੍ਰਤਿਭਾ ਹੈ।” ਉਸ ਨੇ ਕਿਹਾ, ”ਮੈਂ ਉਸ ਨੂੰ ਨੈੱਟਸ ‘ਤੇ ਬੱਲੇਬਾਜ਼ੀ ਕਰਦਿਆਂ ਵੇਖਿਆ ਅਤੇ ਮੈਂ ਹੈਰਾਨ ਸੀ ਕਿ ਜਦੋਂ ਮੈਂ 19 ਸਾਲ ਦਾ ਸੀ ਤਾਂ ਉਸ ਦੀ ਪ੍ਰਤਿਭਾ ਦਾ ਦਸ ਫ਼ੀਸਦੀ ਵੀ ਮੇਰੇ ਕੋਲ ਨਹੀਂ ਸੀ।” ਸ਼ੁਭਮਨ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਉਸ ਨੇ ਪਿਛਲੇ ਸਾਲ ICC ਦੇ ਇਸ ਟੂਰਨਾਮੈਂਟ ਵਿੱਚ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦਿਆਂ 418 ਦੌੜਾਂ ਬਣਾਈਆਂ ਅਤੇ ਟੂਰਨਾਮੈਂਟ ਵਿੱਚ ਸਰਵੋਤਮ ਖਿਡਾਰੀ ਚੁਣਿਆ ਗਿਆ।