ਅਕਾਲੀ ਦਲ ਨੇ ਐਨ ਡੀ ਏ ਦੀ ਮੀਟਿੰਗ ਦਾ ਕੀਤਾ ਬਾਈਕਾਟ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਕਲੇਸ਼ ਹੁਣ ਹੋਰ ਵਧਦਾ ਦਿਸ ਰਿਹਾ ਹੈ। ਗੁਰਦੁਆਰਿਆਂ ਦੇ ਮਾਮਲੇ ਵਿਚ ਭਾਜਪਾ ਅਤੇ ਸੰਘ ਦੇ ਲਗਾਤਾਰ ਦਖਲ ਦਾ ਬਹਾਨਾ ਬਣਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਲੰਘੇ ਕੱਲ੍ਹ ਬਜਟ ਸਬੰਧੀ ਹੋਈ ਐਨ ਡੀ ਏ ਦੀ ਮੀਟਿੰਗ ਦਾ ਬਾਈਕਾਟ ਕਰ ਦਿੱਤਾ। ਨਾਲ ਹੀ ਸਪੱਸ਼ਟ ਵੀ ਕਰ ਦਿੱਤਾ ਕਿ ਅਕਾਲੀ ਦਲ ਐਨ.ਡੀ.ਏ. ਦੀ ਸਭ ਤੋਂ ਪੁਰਾਣੀ ਭਾਈਂਵਾਲ ਪਾਰਟੀ ਹੈ, ਪਰ ਗੁਰਦੁਆਰਿਆਂ ਦੇ ਮਾਮਲੇ ਵਿਚ ਭਾਜਪਾ ਦੇ ਲਗਾਤਾਰ ਦਖਲ ਕਾਰਨ ਐਨ ਡੀ ਏ ਦੀ ਮੀਟਿੰਗ ਦਾ ਬਾਈਕਾਟ ਕਰਨ ਲਈ ਮਜਬੂਰ ਹੋਏ ਹਨ। ਅਕਾਲੀ ਦਲ ਨੇ ਹੁਣ ਆਉਂਦੀ 3 ਫਰਵਰੀ ਨੂੰ ਕੋਰ ਕਮੇਟੀ ਦੀ ਮੀਟਿੰਗ ਵੀ ਸੱਦ ਲਈ ਹੈ। ਅਕਾਲੀ ਦਲ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਜਪਾ ਤਾਂ ਅੰਗਰੇਜ਼ਾਂ ਤੋਂ ਵੀ ਅੱਗੇ ਨਿਕਲ ਚੁੱਕੀ ਹੈ। ਇਸੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਆਰ ਪੀ ਸਿੰਘ ਨੇ ਕਿਹਾ ਕਿ ਭਾਜਪਾ-ਅਕਾਲੀ ਦਲ ਗਠਜੋੜ ਪੱਕਾ ਹੈ। ਇਸ ਲਈ ਜੇਕਰ ਕੋਈ ਮਸਲਾ ਹੈ ਤਾਂ ਉਸ ਨੂੰ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਹੀ ਬਾਦਲ ਪਰਿਵਾਰ ਵਲੋਂ ਦੁਪਹਿਰ ਦੇ ਖਾਣੇ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਵਿਚ ਭਾਜਪਾ ਦੇ ਕਈ ਆਗੂ ਸ਼ਾਮਲ ਹੋਏ। ਇਸ ਮੌਕੇ ਜਿੱਥੇ ਸਿਮਰਤੀ ਇਰਾਨੀ ਅਤੇ ਹਰਸਿਮਰਤ ਕੌਰ ਬਾਦਲ ਨੇ ਕਿੱਕਲੀ ਪਾਈ, ਉਥੇ ਰਾਜਨਾਥ ਸਿੰਘ ਨੇ ਢੋਲ ਵੀ ਵਜਾਇਆ।