ਮੁੰਬਈ— ਪੱਛਮੀ ਬੰਗਾਲ ਸਰਕਾਰ ਅਤੇ ਸੀ.ਬੀ.ਆਈ. ਦਰਮਿਆਨ ਉੱਠੇ ਵਿਵਾਦ ‘ਤੇ ਸ਼ਿਵ ਸੈਨਾ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਇਹ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਫਾਇਦਾ ਪਾਉਣ ਲਈ ਰਚੀ ਗਈ ਇਕ ਸੋਚੀ ਸਮਝੀ ਸਾਜਿਸ਼ ਸੀ। ਸ਼ਿਵ ਸੈਨਾ ਨੇ ਆਪਣੇ ਅਖਬਾਰ ‘ਸਾਮਨਾ’ ‘ਚ ਕਿਹਾ ਕਿ ਕੋਲਕਾਤਾ ‘ਚ ਜੋ ਕੁਝ ਵੀ ਹੋ ਰਿਹਾ ਹੈ ਉਸ ਨਾਲ ਲੋਕਤੰਤਰ ਨੂੰ ਖਤਰਾ ਹੈ। ਚਿਟਫੰਡ ਘਪਲਾ ਮਾਮਲੇ ‘ਚ ਕੋਲਕਾਤਾ ਪੁਲਸ ਪ੍ਰਮੁੱਖ ਤੋਂ ਪੁੱਛ-ਗਿੱਛ ਕਰਨ ਦੀ ਸੀ.ਬੀ.ਆਈ. ਦੀ ਕੋਸ਼ਿਸ਼ ਦੇ ਖਿਲਾਫ ਐਤਵਾਰ ਤੋਂ ਧਰਨੇ ‘ਤੇ ਬੈਠੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਸੰਵਿਧਾਨ ਅਤੇ ਦੇਸ਼ ਦੀ ਰੱਖਿਆ ਲਈ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖੇਗੀ ਅਤੇ ਇਸ ਲਈ ਉਹ ਕੋਈ ਵੀ ਨਤੀਜੇ ਭੁਗਤਣ ਲਈ ਤਿਆਰ ਹੈ।
ਸ਼ਿਵ ਸੈਨਾ ਨੇ ਕਿਹਾ ਕਿ ਕੋਲਕਾਤਾ ਪੁਲਸ ਪ੍ਰਮੁੱਖ ਦੇ ਖਿਲਾਫ ਕੇਂਦਰ 2 ਮਹੀਨੇ ਪਹਿਲਾਂ ਵੀ ਕਾਰਵਾਈ ਕਰ ਸਕਦਾ ਸੀ ਅਤੇ ਸੀ.ਬੀ.ਆਈ. ਵੀ ਉਨ੍ਹਾਂ ਦੇ ਘਰ ਪੁੱਛ-ਗਿੱਛ ਲਈ ਪਹੁੰਚਣ ਤੋਂ ਪਹਿਲਾਂ ਉੱਚਿਤ ਢੰਗ ਨਾਲ ਸੰਮੰਨ ਭੇਜ ਸਕਦੀ ਸੀ। ਆਪਣੇ ਵਿਚਾਰਾਂ ‘ਤੇ ਪੂਰੀ ਜਾਣਕਾਰੀ ਦਿੱਤੇ ਬਿਨਾਂ ਊਧਵ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਕੋਲਕਾਤਾ ‘ਚ ਜਾਰੀ ਸੰਕਟ ‘ਤੇ ਧਿਆਨ ਦੇਣਾ ਚਾਹੀਦਾ ਨਾ ਕਿ ਇਕ ਭਾਜਪਾ ਨੇਤਾ ਦੀ ਤਰ੍ਹਾਂ। ਸ਼ਿਵ ਸੈਨਾ ਨੇ ਨਾਲ ਹੀ ਦਾਅਵਾ ਕੀਤਾ ਕਿ ਭਾਜਪਾ ਨੂੰ ਇਸ ਵਾਰ ਲੋਕ ਸਭਾ ਚੋਣਾਂ ‘ਚ ਉੱਤਰ ਭਾਰਤ ਤੋਂ ਮਹਾਰਾਸ਼ਟਰ ਤੱਕ (ਪੱਛਮੀ ਭਾਰਤ ਤੱਕ) 100 ਸੀਟਾਂ ਦਾ ਨੁਕਸਾਨ ਹੋਵੇਗਾ।