ਜਲਦ ਹੀ ਪਤੀ ਪਤਨੀ ਔਰ ਵੋਹ ਫ਼ਿਲਮ ਦਾ ਰੀਮੇਕ ਬਣੇਗਾ। ਇਸ ਰੀਮੇਕ ‘ਚ ਕਾਰਤਿਕ ਆਰਿਅਨ ਮੁੱਖ ਭੂਮਿਕਾ ਨਿਭਾਏਗਾ। ਉਸ ਨਾਲ ਤਾਪਸੀ ਨੂੰ ਵੀ ਲਿਆ ਜਾਣਾ ਸੀ, ਪਰ ਹੁਣ ਤਾਪਸੀ ਨੂੰ ਬਿਨਾਂ ਕਾਰਨ ਦੱਸੇ ਇਸ ਤੋਂ ਬਾਹਰ ਕਰ ਦਿੱਤਾ ਗਿਐ। ਇਸ ਗੱਲ ਨੂੰ ਲੈ ਕੇ ਤਾਪਸੀ ਇਸ ਦੇ ਪ੍ਰੋਡਿਊਸਰ ਤੋਂ ਬਹੁਤ ਨਾਰਾਜ਼ ਹੈ …
ਅਦਾਕਾਰਾ ਤਾਪਸੀ ਪੰਨੂ ਸੁਪਰਹਿੱਟ ਫ਼ਿਲਮ ਪਤੀ ਪਤਨੀ ਔਰ ਵੋਹ ਦੇ ਰੀਮਕੇ ‘ਚ ਕੰਮ ਨਾ ਕਰ ਸਕਣ ਕਾਰਨ ਕਾਫ਼ੀ ਦੁਖੀ ਹੈ। ਬਲਰਾਮ ਰਾਜ ਚੋਪੜਾ ਦਾ ਪੋਤਾ ਜੂਨੋ ਚੋਪੜਾ ਛੇਤੀ ਹੀ ਪਤੀ ਪਤਨੀ ਔਰ ਵੋਹ ਦਾ ਰੀਮੇਕ ਬਣਾਏਗਾ। 1978 ‘ਚ ਰਿਲੀਜ਼ ਹੋਈ ਇਸ ਫ਼ਿਲਮ ‘ਚ ਸੰਜੀਵ ਕੁਮਾਰ, ਵਿਦਿਆ ਸਿਨਹਾ ਅਤੇ ਰੰਜੀਦਾ ਨੇ ਮੁੱਖ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਦੇ ਰੀਮੇਕ ‘ਚ ਮੁੱਖ ਭੂਮਿਕਾ ਲਈ ਕਾਰਤਿਕ ਆਰਿਅਨ ਨੂੰ ਚੁਣਿਆ ਗਿਆ ਹੈ।
ਤਾਪਸੀ ਪੰਨੂ ਨੂੰ ਵੀ ਇਸ ਫ਼ਿਲਮ ‘ਚ ਲਿਆ ਜਾਣਾ ਸੀ। ਪਿਛਲੇ ਦਿਨੀਂ ਉਸ ਨਾਲ ਉਸ ਦੇ ਕਿਰਦਾਰ ਬਾਰੇ ਵੀ ਗੱਲਬਾਤ ਹੋਈ, ਪਰ ਬਾਅਦ ‘ਚ ਤਾਪਸੀ ਨੂੰ ਪਤਾ ਲੱਗਾ ਕਿ ਉਸ ਨੂੰ ਇਸ ਤੋਂ ਬਾਹਰ ਕਰ ਦਿੱਤਾ ਗਿਆ ਹੈ, ਉਹ ਵੀ ਉਸ ਨੂੰ ਬਿਨਾਂ ਕੁੱਝ ਦੱਸੇ। ਤਾਪਸੀ ਨੇ ਦੱਸਿਆ, ”ਪਿਛਲੇ ਸਾਲ ਨਵੰਬਰ ‘ਚ ਮੈਨੂੰ ਫ਼ਿਲਮ ਨਿਰਮਾਤਾ ਅਭੈ ਅਤੇ ਜੂਨੋ ਚੋਪੜਾ ਦੀ ਹਾਜ਼ਰੀ ‘ਚ ਸਕ੍ਰਿਪਟ ਸੁਣਾਈ ਗਈ ਸੀ। ਕਿਹਾ ਗਿਆ ਸੀ ਕਿ ਉਹ ਇਸ ਰੋਲ ਲਈ ਫ਼ਿੱਟ ਹੈ। ਪੈਸੇ ਦੀ ਓਦੋਂ ਕੋਈ ਗੱਲ ਨਹੀਂ ਸੀ ਹੋਈ, ਪਰ ਸਕੈਜੁਅਲ ਫ਼ਿਲਮ ਦੇ ਮੁਤਾਬਿਕ ਤੈਅ ਕਰਨ ਲਈ ਕਿਹਾ ਗਿਆ ਸੀ। ਹੁਣ ਪਤਾ ਲੱਗਾ ਕਿ ਮੈਂ ਇਸ ਫ਼ਿਲਮ ‘ਚ ਨਹੀਂ ਹਾਂ।”
ਮੁਦੱਸਰ ਅਜ਼ੀਜ਼ ਦੇ ਨਿਰਦੇਸ਼ਨ ‘ਚ ਬਣਨ ਵਾਲੀ ਇਹ ਫ਼ਿਲਮ ਇਸ ਮਹੀਨੇ ਫ਼ਲੋਰ ‘ਤੇ ਆ ਜਾਵੇਗੀ। ਤਾਪਸੀ ਨੇ ਕਿਹਾ ਕਿ ਉਹ ਫ਼ਿਲਮ ‘ਚ ਕੰਮ ਕਰਨ ਲਈ ਤਿਆਰ ਸੀ ਅਤੇ ਆਪਣੀ ਦੂਜੀ ਫ਼ਿਲਮ ਵਿੱਚੋਂ ਉਸ ਨੇ ਇਸ ਲਈ ਵਕਤ ਵੀ ਕੱਢ ਲਿਆ ਸੀ। ਉਸ ਨੂੰ ਫ਼ਿਲਮ ਤੋਂ ਹਟਾਉਣ ਦਾ ਕਾਰਨ ਵੀ ਨਹੀਂ ਦੱਸਿਆ ਗਿਆ। ਬਸ ਇੰਨਾ ਕਿਹਾ ਗਿਆ ਕਿ ਅਸੀਂ ਕਿਸੇ ਹੋਰ ਨੂੰ ਕਾਸਟ ਕਰ ਲਿਆ ਹੈ। ਤਾਪਸੀ ਨੇ ਕਿਹਾ, ”ਨਾ ਤਾਂ ਪੈਸੇ ਨੂੰ ਲੈ ਕੋਈ ਗੱਲ ਸੀ ਤੇ ਨਾ ਹੀ ਅਜਿਹੀ ਕੋਈ ਹੋਰ ਅੜਚਨ ਸੀ।” ਉਸ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਨੂੰ ਇਸ ਦਾ ਜਵਾਬ ਕਿਉਂ ਨਹੀਂ ਦਿੱਤਾ ਗਿਆ ਕਿ ਉਸ ਨੂੰ ਫ਼ਿਲਮ ਤੋਂ ਹਟਾਉਣ ਦਾ ਕਾਰਨ ਕੀ ਹੈ? ਤਾਪਸੀ ਕਹਿੰਦੀ ਹੈ ਕਿ ਹੁਣ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ ਅਤੇ ਅੱਗੇ ਤੋਂ ਉਸ ਨੂੰ ਸੁਚੇਤ ਰਹਿਣਾ ਪਵੇਗਾ। ਇਸ ਫ਼ਿਲਮ ਲਈ ਹੁਣ ਭੂਮੀ ਪੇਡਨੇਕਰ ਅਤੇ ਅਨੰਨਿਆ ਪਾਂਡੇ ਨੂੰ ਫ਼ਾਈਨਲ ਕੀਤਾ ਗਿਆ ਹੈ।