ਲਖਨਊ— ਕਾਂਗਰਸ ਜਨਰਲ ਸਕੱਤਰ ਬਣਨ ਤੋਂ ਬਾਅਦ ਪ੍ਰਿਯੰਕਾ ਗਾਂਧੀ ਸੋਮਵਾਰ ਨੂੰ ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਲਖਨਊ ਪਹੁੰਚੀ। ਸਿਆਸੀ ਸਫਰ ਦੀ ਸ਼ੁਰੂਆਤ ਕਰਦਿਆਂ ਪ੍ਰਿਯੰਕਾ ਨੇ 5 ਘੰਟੇ ਤੱਕ 14 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਇਸ ਦੌਰਾਨ ਪ੍ਰਿਯੰਕਾ, ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰ ਨੇਤਾਵਾਂ ਨਾਲ ਬੱਸ ਦੀ ਛੱਤ ‘ਤੇ ਸਵਾਰ ਰਹੀ। ਰੋਡ ਸ਼ੋਅ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਇੱਥੇ ਕਾਂਗਰਸ ਨੂੰ ਮੁੜ ਤੋਂ ਖੜ੍ਹਾ ਕਰਨ ਦੀ ਕਮਾਨ ਮੈਂ ਭੈਣ ਪ੍ਰਿਯੰਕਾ ਅਤੇ ਜੋਤੀਰਾਦਿਤਿਯ ਸਿੰਧੀਆ ਨੂੰ ਸੌਂਪੀ ਹੈ। ਰਾਹੁਲ ਗਾਂਧੀ ਦੇ ਨਾਲ ਪ੍ਰਿਯੰਕਾ ਨੇ ਲੋਕਾਂ ਦਾ ਹੱਥ ਹਿਲਾ ਕੇ ਜਵਾਬ ਦਿੱਤਾ। ਇਸ ਦੌਰਾਨ ਪ੍ਰਿਯੰਕਾ ਕਾਫੀ ਉਤਸੁਕ ਨਜ਼ਰ ਆਈ। ਹਾਲਾਂਕਿ ਰੋਡ ਸ਼ੋਅ ਦੌਰਾਨ ਪ੍ਰਿਯੰਕਾ ਕੁਝ ਨਹੀਂ ਬੋਲੀ, ਰਾਹੁਲ ਗਾਂਧੀ ਹੀ ਭਾਸ਼ਣ ਦਿੰਦੇ ਹੋਏ ਨਜ਼ਰ ਆਏ ਅਤੇ ਮੋਦੀ ਸਰਕਾਰ ‘ਤੇ ਹਮਲਾਵਰ ਰਹੇ।
ਆਪਣੇ ਸੰਖੇਪ ਭਾਸ਼ਣ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਵਿਚ ਹਰ ਰੱਖਿਆ ਸੌਦੇ ਵਿਚ ਭ੍ਰਿਸ਼ਟਾਚਾਰ ਹੋਇਆ। ਇਸ ਦੌਰਾਨ ਉਨ੍ਹਾਂ ਨੇ ਵਰਕਰਾਂ ਤੋਂ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਲਗਵਾਏ। ਰੋਡ ਸ਼ੋਅ ਵਿਚ ਰਾਹੁਲ ਨੇ ਰਾਫੇਲ ਦਾ ਪਲੇਅ-ਕਾਰਡ ਵੀ ਲਹਿਰਾਇਆ। ਜ਼ਾਹਰ ਹੈ ਕਿ ਕਾਂਗਰਸ ਪ੍ਰਧਾਨ ਰਾਫੇਲ ਸੌਦੇ ਨੂੰ ਜਨ-ਜਨ ਦਾ ਮੁੱਦਾ ਬਣਾਉਣਾ ਚਾਹੁੰਦੇ ਹਨ ਕਿਉਂਕਿ ਸਿਆਸੀ ਮਾਹਰ ਕਹਿ ਰਹੇ ਸਨ ਕਿ ਰਾਫੇਲ ਦਾ ਮੁੱਦਾ ਜਨਤਾ ਨੂੰ ਛੂਹ ਨਹੀਂ ਰਿਹਾ।
ਇੰਦਰਾ ਗਾਂਧੀ ਦੀ ਤਰਜ਼ ‘ਤੇ ‘ਪ੍ਰਿਯੰਕਾ ਸੈਨਾ’—
ਪ੍ਰਿਯੰਕਾ ਗਾਂਧੀ ਨੇ ਕਾਂਗਰਸ ਦੀ ਮਜ਼ਬੂਤੀ ਲਈ ਆਪਣੀ ਦਾਦੀ ਇੰਦਰਾ ਗਾਂਧੀ ਦੀ ਤਰਜ਼ ‘ਤੇ ‘ਪ੍ਰਿਯੰਕਾ ਸੈਨਾ’ ਬਣਾਈ। ਇਸ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਪ੍ਰਿਯੰਕਾ ਸੈਨਾ ਨਾਮੀ ਦਲ ਬਣਾਇਆ ਹੈ। ਇਹ ਗੁਲਾਬੀ ਰੰਗ ਦੀ ਟੀ-ਸ਼ਰਟ ਪਹਿਨਦਾ ਹੈ। ਇਸ ਦਾ ਮਕਸਦ ਔਰਤਾਂ ਨੂੰ ਸਨਮਾਨ ਦੇਣਾ ਹੈ।
ਪ੍ਰਿਯੰਕਾ ਯੂ. ਪੀ. ‘ਚ ਬਿਤਾਏਗੀ 3 ਦਿਨ—
ਵੱਡੀ ਤੇ ਖਾਸ ਗੱਲ ਇਹ ਹੈ ਕਿ ਪ੍ਰਿਯੰਕਾ ਗਾਂਧੀ ਲਖਨਊ ‘ਚ 3 ਦਿਨ ਰਹੇਗੀ। ਦੱਸਿਆ ਜਾ ਰਿਹਾ ਹੈ ਕਿ 50 ਸਾਲ ਵਿਚ ਪਹਿਲੀ ਵਾਰ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਉੱਤਰ ਪ੍ਰਦੇਸ਼ ਦੇ ਪਾਰਟੀ ਹੈੱਡਕੁਆਰਟਰ ਲੰਬਾ ਸਮਾਂ ਬਤੀਤ ਕਰੇਗਾ। ਪ੍ਰਿਯੰਕਾ ਗਾਂਧੀ ਲੋਕ ਸਭਾ ਖੇਤਰ ਲਈ 1-1 ਘੰਟੇ ਦਾ ਸਮਾਂ ਦੇਵੇਗੀ। ਇਸ ਤੋਂ ਇਲਾਵਾ ਪਾਰਟੀ ਹੈੱਡਕੁਆਰਟਰ ‘ਚ ਬੈਠਕਾਂ ਕਰੇਗੀ।