ਨਵੀਂ ਦਿੱਲੀ – ਭਾਰਤੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਕਿ ਸਾਬਕਾ ਖਿਡਾਰੀ ਕਿਰਨ ਮੋਰੇ ਦੀ ਦੇਖਰੇਖ ਵਿੱਚ ਵਿਕਟਾਂ ਪਿੱਛੇ ਮਿਹਨਤ ਕਰਨ ਨਾਲ ਆਸਟ੍ਰੇਲੀਆ ਦੌਰੇ ‘ਤੇ ਉਨ੍ਹਾਂ ਵਿੱਚ ਕਾਫ਼ੀ ਸੁਧਾਰ ਹੋਇਆ। ਇੰਗਲੈਂਡ ਵਿੱਚ ਚੁਣੌਤੀਪੂਰਨ ਹਾਲਾਤ ਵਿੱਚ ਵਿਕਟਾਂ ਦੇ ਪਿੱਛੇ ਖ਼ਰਾਬ ਪ੍ਰਦਰਸ਼ਨ ਲਈ ਨਿੰਦਾ ਸਹਿਣ ਵਾਲੇ ਪੰਤ ਨੇ ਆਸਟਰੇਲੀਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਗਲੈਂਡ ਵਿੱਚ ਲਾਲ ਡਿਊਕ ਗੇਂਦ ਦੀ ਸਵਿੰਗ ਕਾਰਨ ਪੰਤ ਨੇ ਬਾਈ ਦੇ ਰੂਪ ਵਿੱਚ ਕਾਫ਼ੀ ਦੌੜਾਂ ਦਿੱਤੀਆਂ ਸਨ। ਆਸਟਰੇਲੀਆ ਵਿੱਚ ਹਾਲਾਂਕਿ ਉਸ ਨੇ 20 ਕੈਚ ਫ਼ੜ ਕੇ ਵਾਪਸੀ ਕੀਤੀ ਜਿਸ ਵਿੱਚ ਐਡੀਲੇਡ ਵਿੱਚ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦੇ ਹੋਏ 11 ਕੈਚ ਫ਼ੜਨਾ ਵੀ ਸ਼ਾਮਿਲ ਹੈ।
NCA ਵਿੱਚ ਮੋਰੇ ਨਾਲ ਕੀਤਾ ਕੰਮ
ਪੰਤ ਨੇ ਕਿਹਾ ਕਿ ਇੰਗਲੈਂਡ ਵਿੱਚ ਕੀਪਿੰਗ ਕਰਨਾ ਵੱਖਰਾ ਤਜਰਬਾ ਸੀ। ਉਸ ਦੌਰੇ ਤੋਂ ਬਾਅਦ ਮੈਂ NCA ਵਿੱਚ ਕਿਰਨ ਸਰ (ਮੋਰੇ) ਨਾਲ ਕੰਮ ਕੀਤਾ। ਇਸ ਵਿੱਚ ਹੱਥ ਦੀ ਸਥਿਤੀ ਅਤੇ ਇਸ ਵਿੱਚ ਸ਼ਰੀਰ ਦੀ ਸਥਿਤੀ ‘ਤੇ ਧਿਆਨ ਦੇਣਾ ਸ਼ਾਮਿਲ ਸੀ। ”ਹਰ ਵਿਕਟਕੀਪਰ ਦਾ ਆਪਣਾ ਤਰੀਕਾ ਹੁੰਦਾ ਹੈ, ਮੈਂ ਥੋੜ੍ਹੀ ਜਿਹੀ ਤਬਦੀਲੀ ਕੀਤੀ ਜਿਸ ਦਾ ਮੈਨੂੰ ਫ਼ਾਇਦਾ ਮਿਲਿਆ,” ਪੰਤ ਨੇ ਕਿਹਾ। ਪੰਤ ਨੇ ਹਾਲਾਂਕਿ ਜ਼ਿਆਦਾ ਵਿਸਥਾਰ ਨਾਲ ਗੱਲਬਾਤ ਤਾਂ ਨਹੀਂ ਕੀਤੀ, ਪਰ ਮੋਰੇ ਨੇ ਉਸ ਨੂੰ ਤਬਦੀਲੀ ਦੀਆਂ ਬੁਨਿਆਦੀ ਚੀਜ਼ਾਂ ਬਾਰੇ ਦੱਸਿਆ। ਤਜਰਬੇਕਾਰ ਕੋਚ ਅਤੇ ਰਾਸ਼ਟਰੀ ਚੋਣ ਕਮੇਟੀ ਦੇ ਸਾਬਕਾ ਪ੍ਰਧਾਨ ਮੋਰੇ ਨੇ ਕਿਹਾ ਕਿ ਮੈਂ ਰਿਸ਼ਭ ਦੇ ਕੀਪਿੰਗ ਦੇ ਤਰੀਕੇ ਵਿੱਚ ਤਬਦੀਲੀ ਕੀਤੀ ਹੈ। ਇਸ ਵਿੱਚ ਸੰਤੁਲਨ ਬਣਾਈ ਰੱਖਣ, ਸਿਰ ਨੂੰ ਸਿੱਧਾ, ਆਦਿ ਗੱਲਾਂ ਸ਼ਾਮਿਲ ਹਨ।
ਸੈਂਕੜੇ ਨਾਲ ਵਧਿਆ ਆਤਮਵਿਸ਼ਵਾਸ
ਪੰਤ ਹਰ ਦਿਨ ਆਪਣੀ ਖੇਡ ਵਿੱਚ ਸੁਧਾਰ ਕਰਨਾ ਚਾਹੁੰਦੇ ਹੈ ਜਿਸ ਵਿੱਚ ਵਿਕਟਕੀਪਿੰਗ ਵੀ ਸ਼ਾਮਿਲ ਹੈ। ਉਸ ਨੇ ਕਿਹਾ ਕਿ ਜਦ ਤੁਸੀਂ ਘੱਟ ਉਮਰ ਵਿੱਚ ਟੀਮ ਦਾ ਹਿੱਸਾ ਬਣਦੇ ਹੋ ਤਾਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸਿੱਖਣ ਦੀ ਕੋਸ਼ਿਸ਼ ਕਰੋਗੇ, ਅਤੇ ਇਹ ਬਿਹਤਰ ਵੀ ਹੈ ਕਿ ਤੁਸੀਂ ਉਨ੍ਹਾਂ ਮੌਕਿਆਂ ਦਾ ਫ਼ਾਇਦਾ ਉਠਾਓ ਜੋ ਤੁਹਾਨੂੰ ਮਿਲਣ। ਪੰਤ ਦੇ ਕਰੀਅਰ ਦੀ ਵੱਡੀ ਤਬਦੀਲੀ ਇੰਗਲੈਂਡ ਖ਼ਿਲਾਫ਼ ਓਵਲ ਟੈੱਸਟ ਮੈਚ ਤੋਂ ਬਾਅਦ ਆਈ ਜਿੱਥੇ ਉਸ ਨੇ ਸੈਂਕੜੇ ਵਾਲੀ ਪਾਰੀ ਖੇਡੀ ਸੀ। ਇਸ ਦਾ ਅਸਰ ਆਸਟਰੇਲੀਆ ਦੌਰੇ ‘ਤੇ ਦਿਖਾਈ ਦਿੱਤਾ ਜਿੱਥੇ ਉਸ ਨੇ ਵਿਕਟਾਂ ਪਿੱਛੇ ਅਤੇ ਵਿਕਟਾਂ ਦੇ ਅੱਗੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਧੋਨੀ ਦੇ ਵਾਰਿਸ ਵਜੋਂ ਦੇਖੇ ਜਾ ਰਹੇ 21 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਜਦ ਮੈਂ ਇੰਗਲੈਂਡ ਵਿੱਚ ਸੈਂਕੜੇ ਵਾਲੀ ਪਾਰੀ ਖੇਡੀ ਤਾਂ ਆਤਮਵਿਸ਼ਵਾਸ ਇੱਕ ਵੱਖਰੇ ਪੱਧਰ ‘ਤੇ ਪੁੱਜ ਗਿਆ ਸੀ। ਉਸ ਤੋਂ ਬਾਅਦ ਮੈਂ ਲਗਾਤਾਰ ਸੋਚਣ ਲੱਗਾ ਕਿ ਕੁੱਝ ਖੇਤਰਾਂ ਵਿੱਚ ਕਿਵੇਂ ਸੁਧਾਰ ਕਰ ਸਕਦਾ ਹਾਂ। ਇੰਗਲੈਂਡ ਵਿੱਚ ਸ਼ੁਰੂ ਹੋਈ ਸਿੱਖਣ ਦੀ ਪਕ੍ਰਿਰਿਆ ਦਾ ਫ਼ਾਇਦਾ ਆਸਟਰੇਲੀਆ ਵਿੱਚ ਮਿਲਿਆ।
IPL ‘ਚ ਵੀ ਰਹਿੰਦਾ ਹੈ ਦਬਾਅ
ਪੰਤ ਤੋਂ ਜਦ ਪੁੱਛਿਆ ਗਿਆ ਕਿ IPL ਵਿੱਚ ਉਸ ‘ਤੇ ਵੱਡਾ ਦਾਅ ਲੱਗਾ ਹੈ ਜਿੱਥੇ ਉਹ ਦਿੱਲੀ ਕੈਪਿਟਲਜ਼ ਟੀਮ ਦਾ ਹਿੱਸਾ ਹਨ ਤਾਂ ਉਸ ਨੇ ਕਿਹਾ ਕਿ ਅਸੁਰੱਖਿਆ ਦਾ ਮਾਹੌਲ ਹਮੇਸ਼ਾ ਤੁਹਾਡੇ ਨਾਲ ਰਹੇਗਾ ਚਾਹੇ ਤੁਸੀਂ ਭਾਰਤ ਲਈ ਖੇਡੋ ਜਾਂ IPL ਫ਼ਰੈਂਚਾਈਜ਼ੀ ਲਈ। ਇੱਕ ਖਿਡਾਰੀ ਦੀ ਪਛਾਣ ਉਸੇ ਗੱਲ ਨਾਲ ਹੁੰਦੀ ਹੈ ਕਿ ਉਹ ਮੁਸ਼ਕਿਲ ਸਥਿਤੀ ਨਾਲ ਕਿਵੇਂ ਨਜਿੱਠਦਾ ਹੈ ਅਤੇ ਵਧੀਆ ਪ੍ਰਦਰਸ਼ਨ ਕਰਦਾ ਹੈ।
ਚੋਟੀ ਦੇ ਨੰਬਰ ‘ਤੇ ਚਾਹੁੰਦੇ ਹਨ ਬੱਲੇਬਾਜ਼ੀ
ਪਿਛਲੇ ਸੈਸ਼ਨ ਵਿੱਚ ਦਿੱਲੀ (ਉਸ ਵਕਤ ਡੇਅਰਡੈਵਿਲਜ਼) ਦੀ ਟੀਮ ਲਈ 684 ਦੌੜਾਂ ਬਣਾਉਣ ਵਾਲਾ ਪੰਤ ਇੱਕ ਵਾਰ ਮੁੜ ਉਸ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੇਗਾ ਅਤੇ ਉਹ ਚੋਟੀ ਦੇ ਨੰਬਰ ‘ਤੇ ਬੱਲੇਬਾਜ਼ੀ ਕਰਨਾ ਚਾਹੁੰਦੈ। ਉਸ ਨੇ ਅਗਲੇ ਸੈਸ਼ਨ ਵਿੱਚ ਦਿੱਲੀ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਜ਼ਾਹਿਰ ਕਰਦੇ ਹੋਏ ਕਿਹਾ ਕਿ ਇੱਕ ਬੱਲੇਬਾਜ਼ ਵਜੋਂ ਮੈਂ ਚੋਟੀ ਦੇ ਨੰਬਰ ‘ਤੇ ਖੇਡਣਾ ਚਾਹਾਂਗਾ ਪਰ ਟੀਮ ਤਾਲਮੇਲ ਕਾਫ਼ੀ ਜ਼ਰੂਰੀ ਹੈ। ਟੀਮ ਦੇ ਨਾਂ, ਜਰਜ਼ੀ, ਆਦਿ ਵਿੱਚ ਤਬਦੀਲੀ ਹੋਈ ਹੈ ਅਤੇ ਨਵੇਂ ਖਿਡਾਰੀ ਵੀ ਆਏ ਹਨ। ਇਹ ਤਜਰਬੇਕਾਰ ਅਤੇ ਨੌਜਵਾਨ ਖਿਡਾਰੀਆਂ ਦਾ ਚੰਗਾ ਮੇਲ ਹੈ। ਉਮੀਦ ਹੈ ਕਿ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਹਾਂ ਵਿਭਾਗਾਂ ਵਿੱਚ ਚੰਗਾ ਪ੍ਰਦਰਸ਼ਨ ਹੋਵੇਗਾ ਅਤੇ ਦਿੱਲੀ ਕੈਪਿਟਲਜ਼ ਲਈ ਇਹ ਸ਼ਾਨਦਾਰ ਟੂਰਨਾਮੈਂਟ ਹੋਵੇਗਾ।