ਕਿੰਗ ਖ਼ਾਨ ਸ਼ਾਹਰੁਖ਼ ਨੇ ਅਜੇ ਤਕ ਆਪਣੀ ਡੈਬਿਊ ਫ਼ਿਲਮ ਨਹੀਂ ਦੇਖੀ। ਸ਼ਾਹਰੁਖ਼ ਖ਼ਾਨ ਨੇ ਬੌਲੀਵੁਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ 1992 ਵਿੱਚ ਰਿਲੀਜ਼ ਹੋਈ ਫ਼ਿਲਮ ਦੀਵਾਨਾ ਨਾਲ ਕੀਤੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਾਹਰੁਖ਼ ਨੇ ਹਾਲੇ ਤਕ ਆਪਣੀ ਇਹ ਫ਼ਿਲਮ ਖ਼ੁਦ ਨਹੀਂ ਦੇਖੀ। ਹਾਲ ਹੀ ‘ਚ ਸ਼ਾਹਰੁਖ਼ ਖ਼ਾਨ ਨੇ ਦੱਸਿਆ ਕਿ 27 ਸਾਲ ਬੀਤ ਜਾਣ ਦੇ ਬਾਵਜੂਦ ਉਹ ਆਪਣੀ ਡੈਬਿਊ ਫ਼ਿਲਮ ਦੀਵਾਨਾ ਨਹੀਂ ਦੇਖ ਸੱਕਿਆ। ਉਸ ਨੇ ਇਸ ਦਾ ਕਾਰਨ ਦਸਦਿਆਂ ਕਿਹਾ, ”ਜੇ ਮੈਂ ਫ਼ਿਲਮ ਨਾਲ ਸਬੰਧਤ ਕੰਮ ਦਾ ਆਨੰਦ ਨਹੀਂ ਮਾਣਦਾ ਤਾਂ ਮੈਂ ਉਸ ਨੂੰ ਨਹੀਂ ਦੇਖਦਾ। ਇਹ ਪਸੰਦ ਜਾਂ ਨਾਪਸੰਦ ਦਾ ਮਾਮਲਾ ਨਹੀਂ। ਮੈਨੂੰ ਲਗਦਾ ਹੈ ਕਿ ਜੇ ਮੈਨੂੰ ਫ਼ਿਲਮ ਦੀ ਸ਼ੂਟਿੰਗ ਦੌਰਾਨ ਮਜ਼ਾ ਨਹੀਂ ਆਇਆ ਤਾਂ ਉਹ ਫ਼ਿਲਮ ਨੂੰ ਮੈਂ ਨਹੀਂ ਦੇਖਦਾ। ਫ਼ਿਰ ਭਾਵੇਂ ਉਹ ਫ਼ਿਲਮ ਜਿੰਨੀ ਮਰਜ਼ੀ ਵੱਡੀ ਬਲੌਕਬਸਟਰ ਕਿਉਂ ਨਾ ਹੋਵੇ ਜਾਂ ਲੋਕਾਂ ਦੁਆਰਾ ਕਿੰਨੀ ਵੀ ਪਸੰਦ ਕਿਉਂ ਨਾ ਕੀਤੀ ਗਈ ਹੋਵੇ। ਮੈਨੂੰ ਅਜਿਹੀ ਫ਼ਿਲਮ ਦੇਖਣ ‘ਤੇ ਯਾਦ ਆਉਂਦਾ ਰਹਿੰਦਾ ਹੈ ਕਿ ਉਸ ਦੀ ਸ਼ੂਟਿੰਗ ਦੀ ਪ੍ਰਕਿਰਿਆ ਚੰਗੀ ਨਹੀਂ ਸੀ।”
ਸ਼ਾਹਰੁਖ਼ ਨੇ ਕਿਹਾ ਕਿ ਹਰ ਕਿਸੇ ਵਾਂਗ ਉਹ ਵੀ ਆਪਣੀ ਫ਼ਿਲਮ ਲਈ ਬਹੁਤ ਮਿਹਨਤ ਕਰਦਾ ਹੈ ਅਤੇ ਫ਼ਿਲਮ ਨਿਰਮਾਣ ਦੌਰਾਨ ਆਪਣੇ ਕੰਮ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਦਾ ਹੈ। ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਉਹ ਉਸ ਫ਼ਿਲਮ ਤੋਂ ਦੂਰੀ ਮਹਿਸੂਸ ਕਰਨ ਲਗਦਾ ਹੈ। ਇਹੀ ਕਾਰਨ ਹੈ ਕਿ ਬੇਸ਼ੱਕ ਦੀਵਾਨਾ ਵਰਗੀ ਫ਼ਿਲਮ ਨੇ ਉਸ ਨੂੰ ਸਟਾਰ ਬਣਾਇਆ, ਪਰ ਉਸ ਨੇ ਅਜੇ ਤਕ ਉਹ ਫ਼ਿਲਮ ਨਹੀਂ ਦੇਖੀ ਕਿਉਂਕਿ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਸ ਨੂੰ ਇਸ ਦੇ ਨਿਰਮਾਣ ਦੀ ਪ੍ਰਕਿਰਿਆ ਪਸੰਦ ਨਹੀਂ ਸੀ ਆਈ।
ਜ਼ਿਕਰਯੋਗ ਹੈ ਕਿ ਸ਼ਾਹਰੁਖ਼ ਦਾ ਸਟਾਰਡਰਮ ਇਸ ਵਕਤ ਬਹੁਤਾ ਚੰਗਾ ਨਹੀਂ। ਉਸ ਦੀ ਆਖ਼ਰੀ ਰਿਲੀਜ਼ ਹੋਈ ਫ਼ਿਲਮ ਜ਼ੀਰੋ ਨੇ ਵੀ ਪਰਦੇ ‘ਤੇ ਕੋਈ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਇਸ ਫ਼ਿਲਮ ਤੋਂ ਸ਼ਾਹਰੁਖ਼ ਨੂੰ ਵੱਡੀਆਂ ਆਸਾਂ ਸਨ, ਪਰ ਸਭ ਕੁੱਝ ਉਸ ਦੀਆਂ ਆਸਾਂ ਤੋਂ ਉਲਟ ਹੀ ਹੋਇਆ। ਇਸ ਸਮੇਂ ਸ਼ਾਹਰੁਖ਼ ਆਪਣੇ ਅਗਲੇ ਪ੍ਰੌਜੈਕਟ ਦੀ ਤਿਆਰੀ ਕਰ ਰਿਹਾ ਹੈ।