ਨਵੀਂ ਦਿੱਲੀ-ਭਾਰਤ ਅਤੇ ਪਾਕਿ ਦੇ ਵੱਧਦੇ ਤਣਾਅ ਤੋਂ ਪੈਦਾ ਹੋਈ ਸਥਿਤੀ ਕਾਰਨ ਸੁਰੱਖਿਆ ਏਜੰਸੀਆਂ ਨੇ ਅੱਤਵਾਦੀ ਹਮਲਿਆਂ ਲਈ ਦੇਸ਼ ਭਰ ‘ਚ ਅਲਰਟ ਜਾਰੀ ਕਰ ਦਿੱਤਾ ਹੈ। ਅਲਰਟ ਮੁਤਾਬਕ ਦਿੱਲੀ-ਐੱਨ. ਸੀ. ਆਰ. ਸਮੇਤ ਕਈ ਸੈਲਾਨੀ ਅਤੇ ਭੀੜਭਾੜ ਵਾਲੇ ਇਲਾਕੇ ਜੈਸ਼-ਏ-ਮੁਹੰਮਦ ਦੇ ਨਿਸ਼ਾਨੇ ‘ਤੇ ਹਨ।
ਅਲਰਟ ਮੁਤਾਬਕ ਭਾਰਤੀ ਹਵਾਈ ਫੌਜ ਦੀ ਕਾਰਵਾਈ ਤੋਂ ਬਾਅਦ ਇਕ ਖੁਫੀਆ ਇਕਾਈ ਆਈ. ਐੱਸ. ਆਈ. ਨੇ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਇੰਡੀਅਨ ਮੁਜਾਹਿਦੀਨ ਨਾਲ ਜੁੜੇ ਅੱਤਵਾਦੀਆਂ ਨਾਲ ਬੈਠਕ ਕੀਤੀ। ਅਲਰਟ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਸੰਗਠਨਾਂ ਦੇ ਅੱਤਵਾਦੀਆਂ ਅਤੇ ਇਨ੍ਹਾਂ ਨਾਲ ਜੁੜੇ ਸਲੀਪਰ ਸੈਲ ਸਾਈਬਰ ਵਰਲਡ ‘ਚ ਵੀ ਆਪਣੀ ਦਖਲ-ਅੰਦਾਜ਼ੀ ਵਧਾ ਕੇ ਲੋਕਾਂ ਵਿਚਾਲੇ ਤਣਾਅ ਦੀ ਸਥਿਤੀ ਪੈਦਾ ਕਰ ਸਕਦੇ ਹਨ।
ਸੁਰੱਖਿਆ ਏਜੰਸੀਆਂ ਮੁਤਾਬਕ ਦੇਸ਼ ਦੇ ਨਾਮਵਰ ਅਤੇ ਵੱਡੇ ਨੇਤਾ, ਰੇਲਵੇ ਲਾਈਨ ਨਾਲ ਜੁੜੇ ਲੋਕ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਇਸ ਦੇ ਨਾਲ ਅੱਤਵਾਦੀਆਂ ਦੇ ਖਿਲਾਫ ਆਪਰੇਸ਼ਨ ਚਲਾਉਣ ਵਾਲੇ ਰਿਟਾਇਰਡ ਅਫਸਰਾਂ ਨੂੰ ਵੀ ਉਹ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਅਲਰਟ ‘ਚ ਸਾਰੇ ਸੂਬਿਆਂ ਦੀ ਪੁਲਸ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਪੁਰਾਣੇ ਅੱਤਵਾਦੀ ਕੇਸਾਂ ‘ਚ ਸ਼ਾਮਿਲ ਜੈਸ਼, ਲਸ਼ਕਰ, ਇੰਡੀਅਨ ਮੁਜਾਹਿਦੀਨ, ਸਿਮੀ ਦੇ ਫੜੇ ਗਏ ਅੱਤਵਾਦੀਆਂ ‘ਤੇ ਨਿਗਰਾਨੀ ਰੱਖੋ।
ਇਸ ਤੋਂ ਇਲਾਵਾ ਅਲਰਟ ‘ਚ ਦੱਸਿਆ ਗਿਆ ਹੈ ਕਿ ਅੱਤਵਾਦੀ ਦਿੱਲੀ ਦੇ 29 ਮਹੱਤਵਪੂਰਨ ਸਥਾਨਾਂ ‘ਤੇ ਨਿਸ਼ਾਨਾ ਬਣਾ ਸਕਦੇ ਹਨ, ਜਿਸ ‘ਚ ਇੰਡੀਆ ਗੇਟ, ਸੇਵਾ ਭਵਨ, ਪ੍ਰੈਜੀਡੈਂਟ ਹਾਊਸ, ਸੰਸਦ ਭਵਨ, ਸੁਪਰੀਮ ਕੋਰਟ, ਦਿੱਲੀ ਦਾ ਸਰੋਜਨੀ ਨਗਰ ਬਾਜ਼ਾਰ, ਚਾਂਦਨੀ ਚੌਂਕ, ਪਾਲਿਕਾ ਬਾਜ਼ਾਰ, ਲਕਸ਼ਮੀ ਨਰਾਇਣ ਮੰਦਰ, ਲੋਟਸ ਟੈਂਪਲ, ਲਾਲਾ ਕਿਲਾ, ਨੈਸ਼ਨਲ ਮਿਊਜ਼ੀਅਮ, ਚੀਫ ਜਸਟਿਸ ਦਾ ਨਿਵਾਸ, ਦਿੱਲੀ ਏਅਰਪੋਰਟ ਦੇ ਪਾਰਕਿੰਗ ਖੇਤਰ, ਦਿੱਲੀ ਰੇਲਵੇ ਸਟੇਸ਼ਨ, ਦਿੱਲੀ ਯੂਨੀਵਰਸਿਟੀ , ਏਮਸ, ਮਾਲਜ਼ ਸਿਨੇਮਾ ਹਾਲ, ਡਿਫੈਂਸ ਕਾਲਜ, ਅਕਸ਼ਧਾਮ ਮੰਦਰ ਅਤੇ ਐੱਮ. ਈ. ਏ. ਦਫਤਰ ਸ਼ਾਮਿਲ ਹਨ।