ਕੰਨਿਆਕੁਮਾਰੀ— ਤਾਮਿਲਨਾਡੂ ਦੇ ਕੰਨਿਆਕੁਮਾਰੀ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦੇ ਹੋਏ ਜਵਾਨਾਂ ਨੂੰ ਸਲਾਮ ਕੀਤਾ। ਇਸ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ‘ਚ ਅੱਤਵਾਦੀ ਹਮਲੇ ‘ਤੇ ਸਖਤ ਐਕਸ਼ਨ ਨਹੀਂ ਲਿਆ ਜਾਂਦਾ ਸੀ ਪਰ ਸਾਡੀ ਸਰਕਾਰ ਨੇ ਫੌਜ ਨੂੰ ਅੱਤਵਾਦੀਆਂ ਤੋਂ ਬਦਲਾ ਲੈਣ ਦੀ ਖੁੱਲ੍ਹੀ ਛੋਟ ਦਿੱਤੀ ਹੈ। ਪੀ.ਐੱਮ. ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੰਗ ਕਮਾਂਡਰ ਅਭਿਨੰਦਨ ਦੀ ਤਾਰੀਫ ਨਾਲ ਕੀਤੀ। ਜ਼ਿਕਰਯੋਗ ਹੈ ਕਿ ਅਭਿਨੰਦਨ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਅਟਾਰੀ ਬਾਰਡਰ ‘ਤੇ ਭਾਰਤ ਦੇ ਹਵਾਲੇ ਕੀਤਾ ਜਾਣ ਵਾਲਾ ਹੈ। ਉਹ ਬੁੱਧਵਾਰ ਤੋਂ ਪਾਕਿਸਤਾਨੀ ਫੌਜ ਦੀ ਹਿਰਾਸਤ ‘ਚ ਹਨ।
ਉੜੀ-ਪੁਲਵਾਮਾ ਦਾ ਲਿਆ ਗਿਆ ਬਦਲਾ
ਪੀ.ਐੱਮ. ਨੇ ਜਵਾਨਾਂ ਨੂੰ ਸਲਾਮ ਕਰਦੇ ਹੋਏ ਕਿਹਾ,”26/11 ਭਾਰਤ ‘ਚ ਹੋਇਆ ਪਰ ਕੁਝ ਨਹੀਂ ਕੀਤਾ ਪਰ ਉੜੀ ਅਤੇ ਪੁਲਵਾਮਾ ‘ਚ ਜੋ ਹੋਇਆ, ਅਸੀਂ ਬਦਲਾ ਲਿਆ। ਮੈਂ ਸਲਾਮ ਕਰਦਾ ਹਾਂ, ਉਨ੍ਹਾਂ ਫੌਜੀਆਂ ਨੂੰ ਜੋ ਸਾਡੇ ਦੇਸ਼ ਦੀ ਸੇਵਾ ਕਰ ਰਹੇ ਹਨ। ਇਕ ਸਮਾਂ ਸੀ, ਜਦੋਂ ਅਖਬਾਰਾਂ ਦੀਆਂ ਖਬਰਾਂ ਨਿਕਲਦੀਆਂ ਸਨ ਕਿ ਫੋਰਸ ਬਦਲਾ ਚਾਹੁੰਦੀ ਹੈ ਪਰ ਉਨ੍ਹਾਂ ਨੂੰ ਯੂ.ਪੀ.ਏ. ਸਰਕਾਰ ਮਨਜ਼ੂਰੀ ਨਹੀਂ ਦੇ ਰਹੀ। ਅੱਜ ਖਬਰਾਂ ਹੁੰਦੀਆਂ ਹਨ ਕਿ ਫੌਜ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਗਈ ਹੈ, ਜੋ ਚਾਹੇ ਉਹ ਕਰਨ। ਅੱਤਵਾਦੀਆਂ ਤੋਂ ਬਦਲਾ ਲੈਣ।”
ਅਭਿਨੰਦਨ ‘ਤੇ ਮਾਣ ਹੈ
ਪੀ.ਐੱਮ. ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਚ ਕਿਹਾ,”ਹਰ ਭਾਰਤੀ ਨੂੰ ਮਾਣ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਤਾਮਿਲਨਾਡੂ ਦੇ ਹਨ।” ਇਸ ਦੌਰਾਨ ਪੀ.ਐੱਮ. ਨੇ ਅੱਤਵਾਦ ਦਾ ਜ਼ਿਕਰ ਕਰਦੇ ਹੋਏ ਕਿਹਾ,”ਕਈ ਸਾਲਾਂ ਤੋਂ ਦੇਸ਼ ਅੱਤਵਾਦ ਦਾ ਸਾਹਮਣਾ ਕਰ ਰਿਹਾ ਸੀ। 2004 ਤੋਂ 2014 ਤੱਕ ਕਈ ਅੱਤਵਾਦੀ ਹਮਲੇ ਹੋਏ। ਜੈਪੁਰ, ਮੁੰਬਈ, ਪੁਣੇ, ਹੈਦਰਾਬਾਦ ਕਈ ਥਾਂਵਾਂ ‘ਤੇ ਹਮਲੇ ਹੋਏ ਪਰ ਕਿਸੇ ਨੇ ਇਸ ‘ਤੇ ਸਖਤ ਕਾਰਵਾਈ ਨਹੀਂ ਕੀਤੀ।” ਪੀ.ਐੱਮ. ਮੋਦੀ ਨੇ ਕਿਹਾ,”ਕੁਝ ਲੋਕ ਅਜਿਹੇ ਹਨ, ਜਿਨ੍ਹਾਂ ਦੇ ਬਿਆਨਾਂ ਨਾਲ ਭਾਰਤ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਪਾਕਿਸਤਾਨ ਨੂੰ ਫਾਇਦਾ ਹੋ ਰਿਹਾ ਹੈ। ਕੁਝ ਲੋਕਾਂ ਦੇ ਬਿਆਨ ਪਾਕਿਸਤਾਨ ਸੰਸਦ ਅਤੇ ਪਾਕਿਸਤਾਨ ਦੇ ਰੇਡੀਓ ‘ਚ ਵੱਡੀ ਖੁਸ਼ੀ ਨਾਲ ਕੋਟ ਕੀਤੇ ਜਾ ਰਹੇ ਹਨ। ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਫੌਜ ਨੂੰ ਸਪੋਰਟ ਕਰਦੇ ਹਨ ਜਾਂ ਫਿਰ ਉਨ੍ਹਾਂ ਨੂੰ (ਪਾਕਿਸਤਾਨ ਨੂੰ)?” ਵਿਰੋਧੀ ਪਾਰਟੀਆਂ ‘ਤੇ ਹਮਲਾ ਕਰਦੇ ਹੋਏ ਮੋਦੀ ਨੇ ਕਿਹਾ,”ਮੋਦੀ ਤੋਂ ਨਫ਼ਰਤ ਕਰਨ ਵਾਲੀਆਂ ਕੁਝ ਪਾਰਟੀਆਂ ਨੇ ਭਾਰਤ ਤੋਂ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਹੀ ਪੂਰਾ ਦੇਸ਼ ਸਾਡੀਆਂ ਫੌਜਾਂ ਦਾ ਸਮਰਥਨ ਕਰ ਰਿਹਾ ਹੈ ਪਰ ਇਹ ਉਨ੍ਹਾਂ ‘ਤੇ ਸ਼ੱਕ ਕਰਦੇ ਹਨ। ਪੂਰਾ ਵਿਸ਼ਵ ਅੱਤਵਾਦ ਦੇ ਖਿਲਾਫ ਭਾਰਤ ਦੀ ਲੜਾਈ ਦਾ ਸਮਰਥਨ ਕਰ ਰਿਹਾ ਹੈ ਪਰ ਕੁਝ ਪਾਰਟੀਆਂ ਦੇ ਅੱਤਵਾਦ ਦੇ ਖਿਲਾਫ ਸਾਡੀ ਜੰਗ ‘ਤੇ ਸ਼ੱਕ ਕਰ ਰਹੀਆਂ ਹਨ।”