ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਕੱਟੜਪੰਥੀ ਸੰਗਠਨ ਜਮਾਤ-ਏ-ਇਸਲਾਮੀ ‘ਤੇ ਬੈਨ ਦੇ ਖਿਲਾਫ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ. ਨੇਤਾ ਮਹਿਬੂਬਾ ਮੁਫ਼ਤੀ ਸੜਕ ‘ਤੇ ਉਤਰ ਆਈ ਹੈ। ਪੀ.ਡੀ.ਪੀ. ਵਰਕਰ ਨਾਲ ਮਿਲ ਕੇ ਸ਼੍ਰੀਨਗਰ ‘ਚ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਸਾਬਕਾ ਮੁੱਖ ਮੰਤਰੀ ਮਹਿਬੂਬ ਨੇ ਇਸ ਤੋਂ ਪਹਿਲਾਂ ਟਵੀਟ ਕੀਤਾ ਸੀ,”ਲੋਕਤੰਤਰ ਵਿਚਾਰਾਂ ਦਾ ਸੰਘਰਸ਼ ਹੁੰਦਾ ਹੈ, ਅਜਿਹੇ ‘ਚ ਜਮਾਤ-ਏ-ਇਸਲਾਮੀ (ਜੇ.ਕੇ.) ‘ਤੇ ਪਾਬੰਦੀ ਲਗਾਉਣ ਦੀ ਕਾਰਵਾਈ ਨਿੰਦਾਯੋਗ ਹੈ ਅਤੇ ਇਹ ਜੰਮੂ-ਕਸ਼ਮੀਰ ਦੇ ਸਿਆਸੀ ਮੁੱਦੇ ਨੂੰ ਅੱਕੜ ਨਾਲ ਨਜਿੱਠਣ ਦੀ ਭਾਰਤ ਸਰਕਾਰ ਦੀ ਪਹਿਲ ਦਾ ਇਕ ਹੋਰ ਉਦਾਹਰਣ ਹੈ।”
ਉਨ੍ਹਾਂ ਨੇ ਕਿਹਾ,”ਜਮਾਤ-ਏ-ਇਸਲਾਮੀ ਤੋਂ ਭਾਰਤ ਦੀ ਸਰਕਾਰ ਇੰਨੀ ਅਸਹੂਲਤਜਨਕ ਨਹੀਂ ਹੈ। ਕਸ਼ਮੀਰੀਆਂ ਲਈ ਅਥੱਕ ਮਿਹਨਤ ਕਰਨ ਵਾਲੇ ਇਕ ਸੰਗਠਨ ‘ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। ਕੀ ਹੁਣ ਭਾਜਪਾ ਵਿਰੋਧੀ ਰਾਸ਼ਟਰ ਵਿਰੋਧੀ ਹੋ ਰਿਹਾ ਹੈ?” ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਇਸ ਆਧਾਰ ‘ਤੇ ਅੱਤਵਾਦ ਵਿਰੋਧੀ ਕਾਨੂੰਨ ਦੇ ਅਧੀਨ ਜਮਾਤ-ਏ-ਇਸਲਾਮੀ (ਜੰਮੂ-ਕਸ਼ਮੀਰ) ‘ਤੇ 5 ਸਾਲਾਂ ਲਈ ਪਾਬੰਦੀ ਲਗਾਈ ਸੀ ਕਿ ਉਸ ਦੀ ਅੱਤਵਾਦੀ ਸੰਗਠਨਾਂ ਨਾਲ ਮਿਲੀਭਗਤ ਹੈ ਅਤੇ ਰਾਜ ‘ਚ ਵੱਖਵਾਦੀ ਅੰਦੋਲਨ ਬਹੁਤ ਤੇਜ਼ ਹੋਣ ਦਾ ਖਦਸ਼ਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਸੁਰੱਖਿਆ ‘ਤੇ ਉੱਚ ਪੱਧਰੀ ਬੈਠਕ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੇ ਅਧੀਨ ਇਸ ਸੰਗਠਨ ‘ਤੇ ਪਾਬੰਦੀ ਲਗਾਉਂਦੇ ਹੋਏ ਨੋਟੀਫਿਕੇਸ਼ਨ ਜਾਰੀ ਕੀਤੀ।