ਨਵੀਂ ਦਿੱਲੀ-ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨ ਤੋਂ ਵਤਨ ਵਾਪਸ ਪਰਤ ਆਏ ਹਨ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਮੀ ਹਸਪਤਾਲ ‘ਚ ਅਭਿਨੰਦਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਪੁੱਛਿਆ। ਭਾਰਤੀ ਹਵਾਈ ਫੌਜ ਦੇ ਆਧਿਕਾਰੀਆਂ ਮੁਤਾਬਕ ਵਿੰਗ ਕਮਾਂਡਰ ਅਭਿਨੰਦਨ ਨੇ ਅੱਜ ਸਵੇਰੇ ਹਵਾਈ ਫੌਜ ਮੁੱਖੀ ਬੀ. ਐੱਸ. ਧਨੋਆ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕਮਾਂਡਰ ਨੇ ਉਨ੍ਹਾਂ ਨੂੰ ਪਾਕਿਸਤਾਨ ‘ਚ ਆਪਣੇ 2 ਦਿਨਾਂ ਦੀ ਕੈਦ ਬਾਰੇ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ 27 ਫਰਵਰੀ ਨੂੰ ਹੀ ਪਾਕਿ ਜਹਾਜ਼ਾਂ ਨੂੰ ਖਦੇੜਨ ਦੌਰਾਨ ਮਿਗ-21 ਕ੍ਰੈਸ਼ ਹੋਣ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਜਹਾਜ਼ ਤੋਂ ਡਿੱਗ ਗਏ ਸਨ। ਜਿੱਥੇ ਉਹ ਡਿੱਗੇ ਸਨ, ਉਹ ਇਲਾਕਾ ਪਾਕਿ ਕਬਜ਼ੇ ਵਾਲੇ ਕਸ਼ਮੀਰ ‘ਚ ਸੀ। ਜਾਂਬਾਜ਼ ਅਭਿਨੰਦਨ ‘ਤੇ ਹਮਲਾ ਕੀਤਾ ਗਿਆ ਪਰ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ। ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਣ ਨਾਲ ਹੀ ਉਨ੍ਹਾਂ ਨੇ ਸਾਹਸ ਤੇ ਸੰਜਮ ਦਿਖਾਉਂਦੇ ਹੋਏ ਹਵਾਈ ਫਾਇਰ ਕਰ ਕੇ ਜਾਨ ਬਚਾਈ। ਆਪਣੇ ਕੋਲ ਪਏ ਦਸਤਾਵੇਜ਼ ਨਿਗਲ ਲਏ, ਪਰ ਦੁਸ਼ਮਣ ਦੇ ਹੱਥ ‘ਚ ਨਹੀਂ ਆਉਣ ਦਿੱਤੇ। ਪਾਕਿ ਫੌਜ ਪਹੁੰਚੀ ਤੇ ਭੀੜ ਤੋਂ ਛੁਡਾ ਕੇ ਉਨ੍ਹਾਂ ਨੂੰ ਕਬਜ਼ੇ ‘ਚ ਲੈ ਲਿਆ। ਜਦੋਂ ਤਕ ਪਾਕਿਸਤਾਨ ਦੀ ਹਿਰਾਸਤ ‘ਚ ਰਹੇ, ਉਨ੍ਹਾਂ ਨੇ ਪਛਾਣ ਦੇ ਨਾਂ ਤੇ ਸਿਰਫ ਨਾਂ ‘ਤੇ ਰੈਂਕ ਦੱਸਿਆ।