ਪ੍ਰਯਾਗਰਾਜ — ਪਿਛਲੇ ਡੇਢ ਮਹੀਨੇ ਤੋਂ ਚੱਲ ਰਹੇ ਕੁੰਭ ਮੇਲੇ ਵਿਚ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਡੀ ਗਿਣਤੀ ‘ਚ ਆਏ ਸ਼ਰਧਾਲੂਆਂ ਨੇ ਹਰ-ਹਰ ਮਹਾਦੇਵ ਦੇ ਜੈਕਾਰੇ ਨਾਲ ਸੰਗਮ ‘ਚ ਡੁੱਬਕੀ ਲਾਈ। ਮਹਾਸ਼ਿਵਰਾਤਰੀ ਨੂੰ ਲੈ ਕੇ ਪ੍ਰਯਾਗਰਾਜ ਕੁੰਭ ਵਿਚ ਤਿਆਰੀਆਂ ਪਹਿਲਾਂ ਤੋਂ ਹੀ ਪੂਰੀਆਂ ਕਰ ਲਈਆਂ ਗਈਆਂ ਸਨ।
ਇਸ ਵਾਰ ਸੋਮਵਾਰ ਨੂੰ ਮਹਾਸ਼ਿਵਰਾਤਰੀ ਆਉਣ ਨਾਲ ‘ਸੋਮਵਤੀ ਸ਼ਿਵਰਾਤਰੀ’ ਦੇ ਨਾਲ ਹੀ 51 ਸਾਲਾਂ ਬਾਅਦ ਅਦਭੁੱਤ ਸੰਜੋਗ ਬਣਿਆ ਹੈ। ਲੰਬੇ ਸਮੇਂ ਬਾਅਦ ਇਸ ਸਾਲ ਸ਼ਿਵਰਾਤਰੀ ਸੋਮਵਾਰ ਨੂੰ ਹੈ, ਜੋ ਦਿਨ ਭਗਵਾਨ ਸ਼ਿਵ ਨੂੰ ਹੀ ਸਮਰਪਿਤ ਹੈ।
ਭਗਵਾਨ ਭੋਲੇਨਾਥ ਨੂੰ ਖੁਸ਼ ਕਰਨ ਲਈ ਸ਼ਿਵ ਭਗਤ ਦੁੱਧ, ਗੰਗਾ ਜਲ, ਸ਼ਹਿਦ, ਦਹੀਂ ਅਤੇ ਸ਼ੰਕਰ ਨਾਲ ਅਭਿਸ਼ੇਕ ਕਰਦੇ ਹਨ। ਸਵੇਰ ਦੀ ਮਹਾਆਰਤੀ ਤੋਂ ਬਾਅਦ ਮੰਦਰਾਂ ਵਿਚ ਭਗਤਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਉੱਥੇ ਹੀ ਪ੍ਰਯਾਗਰਾਜ ਕੁੰਭ ਦੇ ਅੰਤਿਮ ਇਸ਼ਨਾਨ ਲਈ ਮਹਾਸ਼ਿਵਰਾਤਰੀ ‘ਤੇ ਸੰਗਮ ਵਿਚ ਡੁੱਬਕੀ ਲਾਉਣ ਲਈ ਸ਼ਰਧਾਲੂਆਂ ਦੀ ਵੱਡੀ ਭੀੜ ਲੱਗੀ ਹੋਈ ਹੈ।
ਸ਼ਰਧਾਲੂ ਇਕ ਦਿਨ ਪਹਿਲਾਂ ਹੀ ਸੰਗਮ ਨਗਰੀ ਵਿਚ ਪਹੁੰਚਣਾ ਸ਼ੁਰੂ ਹੋ ਗਏ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸ਼ੁੱਭ ਦਿਨ 1 ਕਰੋੜ ਸ਼ਰਧਾਲੂਆਂ ਦੇ ਸੰਗਮ ਵਿਚ ਪਵਿੱਤਰ ਡੁੱਬਕੀ ਲਾਉਣ ਦੀ ਉਮੀਦ ਹੈ। ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮਾਂ ਵਿਚੋਂ ਇਕ ਕੁੰਭ ਦਾ ਸ਼ੁੱਭ ਆਰੰਭ ਮਕਰ ਸੰਕ੍ਰਾਂਤੀ ‘ਤੇ 15 ਜਨਵਰੀ ਨੂੰ ਹੋਇਆ ਸੀ।