ਸੰਗਰੂਰ— ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ 13 ਸੀਟਾਂ ਦੇ ਜਿੱਤਣ ਦਾ ਦਾਅਵਾ ਕਰਨ ਵਾਲੇ ਕੈਪਟਨ ਪੰਜਾਬ ‘ਚ ਜ਼ੀਰੋ ਹੋਣਗੇ। ਉਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2 ਸਾਲਾਂ ‘ਚ ਲੋਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਦਿੱਤਾ ਨਹੀਂ ਦਿੱਤਾ ਹੈ। ਪੰਜਾਬ ‘ਚ ਕੈਪਟਨ ਨੇ ਇਕ ਵੀ ਕੰਮ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਅਤੇ ਨਰਸਾਂ ਤੋਂ ਲੈ ਕੇ ਹਰ ਮੁਲਾਜ਼ਮ ਉਨ੍ਹਾਂ ਤੋਂ ਦੁਖੀ ਹੈ ਅਤੇ ਉਨ੍ਹਾਂ ਖਿਲਾਫ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਕੈਪਟਨ ਸਾਬ੍ਹ ਦਾ ਬਿਸਤਰਾ ਪੰਜਾਬ ‘ਚੋਂ ਗੋਲ ਹੋਵੇਗਾ ਅਤੇ ਉਹ ਬੁਰੀ ਤਰ੍ਹਾਂ ਹਾਰਨਗੇ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਪੰਜਾਬ ‘ਚ 13 ਸੀਟਾਂ ਜਿੱਤਣ ਦੇ ਸੁਪਨੇ ਲੈ ਰਹੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ‘ਚ ਉਨ੍ਹਾਂ ਦਾ ਅਸਲ ਸੱਚ ਕੀ ਹੈ, ਕਿਉਂਕਿ ਉਹ ਕਦੇ ਮਹਿਲ ‘ਚੋਂ ਬਾਹਰ ਹੀ ਨਹੀਂ ਨਿਕਲੇ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ‘ਚ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ 13 ਦੀਆਂ 13 ਸੀਟਾਂ ਹੀ ਜਿੱਤੇਗੀ।
ਸ਼ੇਰ ਸਿੰਘ ਘੁਬਾਇਆ ਦੇ ਮੁੱਦੇ ‘ਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਖਾਲੀ ਦਲ ਬਣ ਕੇ ਰਹਿ ਚੁੱਕਾ ਹੈ ਅਤੇ ਇਹ ਪਾਰਟੀ ਲਗਾਤਾਰ ਖੇਰੁੰ-ਖੇਰੁੰ ਹੋ ਰਹੀ ਹੈ। ਕਿਉਂਕਿ ਇਸ ਪਾਰਟੀ ਦੇ ਪ੍ਰਧਾਨ ਸਮੇਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ ਲੱਗੇ ਹਨ। ਇਨ੍ਹਾਂ ਸਿੱਧੇ ਤੌਰ ‘ਤੇ ਬੇਅਦਬੀ ਦੇ ਦੋਸ਼ੀ ਮੰਨਿਆ ਜਾ ਰਿਹਾ ਹੈ। ਪਾਰਟੀ ਦੀਆਂ ਗਲਤ ਨੀਤੀਆਂ ਦੇ ਕਾਰਨ ਅਤੇ ਉਨ੍ਹਾਂ ‘ਤੇ ਲੱਗੇ ਬੇਅਦਬੀ ਦੇ ਦੋਸ਼ਾਂ ਕਰਕੇ ਹੀ ਕਈ ਦਿੱਗਜ ਅਕਾਲੀ ਦਲ ਨੂੰ ਛੱਡ ਕੇ ਜਾ ਰਹੇ ਹਨ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਨੂੰ ਹੁਣ ਕਿਹੜੀ ਪਾਰਟੀ ‘ਚ ਜਾਣਾ ਹੈ, ਇਹ ਤਾਂ ਉਹੀ ਜਾਣਦੇ ਹਨ।