ਨਵੀਂ ਦਿੱਲੀ— ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਤੋਂ ਇਨਕਾਰ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ‘ਤੇ ਹਮਲਾ ਬੋਲਿਆ ਹੈ। ਕੇਜਰੀਵਾਲ ਨੇ ਕਾਂਗਰਸ ‘ਤੇ ਭੜਕਦੇ ਹੋਏ ਦੋਸ਼ ਲਗਾਇਆ ਕਿ ਕਾਂਗਰਸ ਨੇ ਭਾਜਪਾ ਨਾਲ ਗੁਪਤ ਗਠਜੋੜ ਕੀਤਾ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕਾਫੀ ਜ਼ੋਰ ਲਗਾਉਣ ਦੇ ਬਾਵਜੂਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਬੈਠਕ ਤੋਂ ਬਾਅਦ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਤ ਨੇ ਗਠਜੋੜ ਦੀ ਸੰਭਾਵਨਾ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਕਾਂਗਰਸ ਤੋਂ ਮਿਲੀ ਇਸ ਝਟਕੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ‘ਤੇ ਭੜਾਸ ਕੱਢੀ। ਕੇਜਰੀਵਾਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਜਦੋਂ ਪੂਰਾ ਦੇਸ਼ ਮੋਦੀ ਅਤੇ ਸ਼ਾਹ ਦੀ ਜੋੜੀ ਨੂੰ ਹਰਾਉਣਾ ਚਾਹੁੰਦਾ ਹੈ, ਅਜਿਹੇ ਸਮੇਂ ‘ਚ ਕਾਂਗਰਸ ਐਂਟੀ-ਭਾਜਪਾ ਵੋਟ ਨੂੰ ਵੰਡ ਕੇ ਭਾਜਪਾ ਦੀ ਮਦਦ ਕਰ ਰਹੀ ਹੈ।
ਇਹੀ ਨਹੀਂ ਕੇਜਰੀਵਾਲ ਨੇ ਕਾਂਗਰਸ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ,”ਅਜਿਹੀਆਂ ਅਫਵਾਹਾਂ ਹਨ ਕਿ ਕਾਂਗਰਸ ਦਾ ਭਾਜਪਾ ਨਾਲ ਗੁਪਤ ਗਠਜੋੜ ਹੈ। ਦਿੱਲੀ ਭਾਜਪਾ ਅਤੇ ਕਾਂਗਰਸ ਦੇ ਗਠਜੋੜ ਨਾਲ ਲੜਨ ਲਈ ਤਿਆਰ ਹੈ। ਜਨਤਾ ਇਸ ਅਨੈਤਿਕ ਗਠਜੋੜ ਨੂੰ ਹਰਾਏਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਤ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਸਾਰਿਆਂ ਦੀ ਸਹਿਮਤੀ ਨਾਲ ‘ਆਪ’ ਨਾਲ ਗਠਜੋੜ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।