ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪਾਰਟੀ ਦੇ ਦਿੱਲੀ ਨੇਤਾਵਾਂ ਦੀ ਅਹਿਮ ਬੈਠਕ ਬੁਲਾਈ। ਇਸ ਬੈਠਕ ਤੋਂ ਬਾਅਦ ਦਿੱਲੀ ‘ਚ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਤ ਨੇ ਕਿਹਾ ਕਿ ਕਾਂਗਰਸ ਦਿੱਲੀ ‘ਚ ਗਠਜੋੜ ਨਹੀਂ ਕਰੇਗੀ। ਸ਼ੀਲਾ ਦੀਕਸ਼ਤ ਨੇ ਕਿਹਾ ਕਿ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਦਿੱਲੀ ‘ਚ ਗਠਜੋੜ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਸਨ ਕਿ ‘ਆਪ’ ਅਤੇ ਕਾਂਗਰਸ ‘ਚ ਗਠਜੋੜ ਹੋਵੇਗਾ ਅਤੇ ਸੀਟਾਂ ਦੀ ਵੰਡ ਤੱਕ ਦੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਸੀ। ਇਸ ਦਰਮਿਆਨ ‘ਆਪ’ ਨੇ ਇਸ ਮਾਮਲੇ ‘ਤੇ ਚੁੱਪੀ ਸਾਧ ਲਈ ਹੈ। ਕਾਂਗਰਸ ਦੇ ਇਸ ਬਿਆਨ ਤੋਂ ਬਾਅਦ ਹੁਣ ਦਿੱਲੀ ‘ਚ ਤ੍ਰਿਕੋਣੀ ਮੁਕਾਬਲਾ ਤੈਅ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਬਾਲਾਕੋਟ ‘ਚ ਜੈਸ਼ ਦੇ ਅੱਤਵਾਦੀ ਟਿਕਾਣੇ ‘ਤੇ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਬਦਲੇ ਮਾਹੌਲ ‘ਚ ਦੋਹਾਂ ਦਲਾਂ ਦਰਮਿਆਨ ਗਠਜੋੜ ਦੀਆਂ ਖਬਰਾਂ ਆ ਰਹੀਆਂ ਸਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਸਲੇ ‘ਤੇ ਮੰਗਲਵਾਰ ਨੂੰ ਦਿੱਲੀ ਕਾਂਗਰਸ ਨੇਤਾਵਾਂ ਨਾਲ ਅਹਿਮ ਬੈਠਕ ਕੀਤੀ। ਬੈਠਕ ‘ਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਦਿੱਲੀ ਪ੍ਰਦੇਸ਼ ਪ੍ਰਧਾਨ ਸ਼ੀਲਾ ਦੀਕਸ਼ਤ ਵੀ ਮੌਜੂਦ ਸੀ। ਬੈਠਕ ਤੋਂ ਬਾਅਦ ਸ਼ੀਲਾ ਨੇ ਸਾਫ਼ ਕੀਤਾ ਕਿ ਕਾਂਗਰਸ ਦਿੱਲੀ ‘ਚ ਗਠਜੋੜ ਨਹੀਂ ਕਰਨ ਜਾ ਰਹੀ ਹੈ। ਸ਼ੀਲਾ ਨੇ ਕਿਹਾ,”ਦਿੱਲੀ ‘ਚ ‘ਆਪ’ ਅਤੇ ਕਾਂਗਰਸ ‘ਚ ਗਠਜੋੜ ਨਹੀਂ ਹੋਵੇਗਾ। ਅਸੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਇਸ ਬਾਰੇ ‘ਚ ਦੱਸਿਆ ਹੈ ਅਤੇ ਉਹ ਵੀ ਸਹਿਮਤ ਸਨ। ਸਾਰਿਆਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ। ਅਸੀਂ ਇਕੱਲੇ ਪੂਰੇ ਸਾਹਸ ਨਾਲ ਚੋਣਾਂ ਲੜਾਂਗੇ।”