ਸਹਾਰਨਪੁਰ — ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲੋਕ ਸਭਾ ਚੋਣਾਂ ਦੌਰਾਨ ਪੱਛਮੀ ਉੱਤਰ ਪ੍ਰਦੇਸ਼ ‘ਚ ਭਾਜਪਾ ਦੀਆਂ ਜਨਸਭਾਵਾਂ ਵਿਚ ਬੰਬ ਧਮਾਕੇ ਕਰਨ ਦੀ ਸਾਜਿਸ਼ ਰਚੀ ਸੀ। ਇਹ ਦਾਅਵਾ ਉੱਤਰ ਪ੍ਰਦੇਸ਼ ਪੁਲਸ ਦੇ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਦੇ ਆਈ. ਜੀ. ਅਸੀਮ ਅਰੁਣ ਨੇ ਕੀਤੀ ਹੈ। ਅਰੁਣ ਨੇ ਮੰਗਲਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਦੇ ਦੇਵਬੰਦ ਤੋਂ ਬੀਤੇ ਦਿਨੀਂ ਗ੍ਰਿਫਤਾਰ ਜੈਸ਼ ਦੇ ਦੋਵੇਂ ਕਸ਼ਮੀਰੀ ਅੱਤਵਾਦੀਆਂ ਸ਼ਾਹਨਵਾਜ਼ ਤੇਲੀ ਅਤੇ ਆਕਿਬ ਅਹਿਮਦ ਮਲਿਕ ਨੇ ਪੁੱਛ-ਗਿੱਛ ਵਿਚ ਬੰਬ ਧਮਾਕੇ ਦੀ ਸਾਜਿਸ਼ ਦਾ ਖੁਲਾਸਾ ਕੀਤਾ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਪੁੱਛ-ਗਿੱਛ ਵਿਚ ਦੋਹਾਂ ਦੋਸ਼ੀਆਂ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਦੇ ਏਰੀਆ ਕਮਾਂਡਰ ਨੇ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਇਕ ਦਿਨ ਪਹਿਲਾਂ ਦੇਵਬੰਦ ਦੇ ਨਾਜ਼ ਮੰਜ਼ਲ ਨਾਮੀ ਨਿਜੀ ਹੋਸਟਲ ਵਿਚ ਬੈਠਕ ਕੀਤੀ ਸੀ। ਬੈਠਕ ਵਿਚ ਇੱਥੇ ਰਹਿਣ ਵਾਲੇ ਕਈ ਹੋਰ ਵਿਦਿਆਰਥੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨਾਲ ਸੰਪਰਕ ਰੱਖਣ ਦੇ ਮਾਮਲੇ ਵਿਚ ਕੁਝ ਵਿਦਿਆਰਥੀਆਂ ‘ਤੇ ਏ. ਟੀ. ਐੱਸ. ਦੀ ਨਜ਼ਰ ਹੈ। ਆਈ. ਜੀ. ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੈਸ਼ ਦੇ ਦੋਹਾਂ ਅੱਤਵਾਦੀਆਂ ਨੂੰ ਨਾਲ ਲੈ ਕੇ ਏ. ਟੀ. ਐੱਸ. ਟੀਮ ਨੇ ਦੇਵਬੰਦ ਵਿਚ ਕਈ ਥਾਂਵਾਂ ‘ਤੇ ਛਾਪੇਮਾਰੀ ਵੀ ਕੀਤੀ। ਅਰੁਣ ਨੇ ਦੱਸਿਆ ਕਿ ਸ਼ਾਹਨਵਾਜ਼ ਅਤੇ ਆਕਿਬ ਦੀ 10 ਦਿਨ ਦੀ ਰਿਮਾਂਡ ਪੂਰੀ ਹੋਣ ਦੇ ਬਾਅਦ ਦੋਹਾਂ ਨੂੰ ਲਖਨਊ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਕੀਤੇ ਗਏ ਆਤਮਘਾਤੀ ਹਮਲੇ ‘ਚ 40 ਸੀ. ਆਰ. ਪੀ. ਐੱਫ. ਦੇ ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼ ਦੇ ਅੱਤਵਾਦੀਆਂ ਨੇ ਲਈ ਸੀ। ਪੁਲਵਾਮਾ ‘ਚ ਕੀਤੇ ਗਏ ਇਸ ਭਿਆਨਕ ਹਮਲੇ ਮਗਰੋਂ ਪੁਲਸ ਨੇ 22 ਫਰਵਰੀ ਨੂੰ ਅੱਤਵਾਦ ਰੋਕੂ ਦਸਤੇ ਨੇ ਦੋਹਾਂ ਦੋਸ਼ੀਆਂ ਨੂੰ ਸ਼ੱਕੀ ਹਲਾਤਾਂ ਵਿਚ ਹਿਰਾਸਤ ਵਿਚ ਲਿਆ ਸੀ।