ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਿੱਜੀ ਬਚਤ ਤੋਂ 21 ਲੱਖ ਰੁਪਏ ਕੁੰਭ ਮੇਲੇ ਨਾਲ ਜੁੜੇ ਸਫਾਈ ਕਰਮਚਾਰੀਆਂ ਲਈ ਬਣੇ ਫੰਡ ਵਿਚ ਦਾਨ ਦਿੱਤੇ ਹਨ। ਪੀ. ਐੱਮ. ਮੋਦੀ ਨੇ ਕੁੰਭ 2019 ਦੇ ਸ਼ਾਨਦਾਰ ਆਯੋਜਨ ਲਈ ਉੱਤਰ ਪ੍ਰਦੇਸ਼ ਸਰਕਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨੇ ਸੱਭਿਆਚਾਰ ਅਤੇ ਅਧਿਆਤਮਿਕਤਾ ਨੂੰ ਵਧੀਆ ਢੰਗ ਨਾਲ ਦਰਸਾਇਆ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਕੁੰਭ ਮੇਲੇ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ। ਯੋਗੀ ਆਦਿਤਿਆਨਾਥ ਦੀ ਅਗਵਾਈ ਵਿਚ ਪੂਰੇ ਪ੍ਰਸ਼ਾਸਨ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਮੋਦੀ ਨੇ ਟਵੀਟ ਕੀਤਾ, ”ਉੱਤਰ ਪ੍ਰਦੇਸ਼, ਖਾਸ ਕਰ ਕੇ ਪ੍ਰਯਾਗਰਾਜ ਦੇ ਲੋਕਾਂ ਨੂੰ ਵਧਾਈ।”

ਦੱਸਣਯੋਗ ਹੈ ਕਿ 24 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਯਾਗਰਾਜ ਪੁੱਜੇ ਸਨ ਅਤੇ ਕੁੰਭ ਮੇਲੇ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੇ ਤ੍ਰਿਵੇਦੀ ਸੰਗਮ ਵਿਚ ਆਸਥਾ ਦੀ ਡੁੱਬਕੀਲਾਈ ਸੀ। ਗੰਗਾ ਇਸ਼ਨਾਨ ਤੋਂ ਬਾਅਦ ਮੋਦੀ ਨੇ 5 ਸਫਾਈ ਕਰਮਚਾਰੀਆਂ ਦੇ ਪੈਰ ਧੋ ਕੇ, ਉਨ੍ਹਾਂ ਦਾ ਆਸ਼ੀਰਵਾਦ ਵੀ ਲਿਆ ਸੀ। ਮੋਦੀ ਨੇ ਕੁੰਭ ਵਿਚ ਸਫਾਈ ਮੁਹਿੰਮ ਦੀ ਤਰੀਫ ਕਰਦੇ ਹੋਏ ਕਿਹਾ ਸੀ ਕਿ 22 ਕਰੋੜ ਲੋਕਾਂ ਵਿਚ ਸਫਾਈ ਵੱਡੀ ਜ਼ਿੰਮੇਵਾਰੀ ਸੀ, ਤੁਸੀਂ ਸਾਬਤ ਕੀਤਾ ਕਿ ਦੁਨੀਆ ਵਿਚ ਨਾ-ਮੁਮਕਿਨ ਕੁਝ ਵੀ ਨਹੀਂ।

ਕੁੰਭ ਸਫਾਈ ਕਰਮਚਾਰੀਆਂ ਲਈ 21 ਲੱਖ ਰੁਪਏ ਦਾ ਕਰਨ ਤੋਂ ਪਹਿਲਾਂ ਵਾ ਮੋਦੀ ਇਸ ਤਰ੍ਹਾਂ ਦੀ ਦਰਿਆਦਿਲੀ ਦਿਖਾ ਚੁੱਕੇ ਹਨ। ਹਾਲ ਹੀ ਵਿਚ ਸਿਓਲ ਸ਼ਾਂਤੀ ਪੁਰਸਕਾਰ ਦੇ ਤੌਰ ‘ਤੇ ਮਿਲੀ ਇਕ ਕਰੋੜ 30 ਲੱਖ ਰੁਪਏ ਦੀ ਰਾਸ਼ੀ ਨੂੰ ਪੀ. ਐੱਮ. ਮੋਦੀ ਨੇ ਗੰਗਾ ਦੀ ਸਫਾਈ ਲਈ ਚਲ ਰਹੇ ‘ਨਮਾਮਿ ਗੰਗੇ’ ਪ੍ਰਾਜੈਕਟ ਨੂੰ ਦਾਨ ਕਰ ਦਿੱਤੀ ਸੀ। ਇਸ ਤੋਂ ਇਲਾਵਾ ਮੋਦੀ ਨੂੰ ਮਿਲੇ ਯਾਦਗਾਰੀ ਚਿੰਨ੍ਹਾਂ ਦੀ ਨੀਲਾਮੀ ਤੋਂ ਪ੍ਰਾਪਤ 3.40 ਕਰੋੜ ਰੁਪਏ ਦੀ ਰਾਸ਼ੀ ਵੀ ਉਨ੍ਹਾਂ ਨੇ ਗੰਗਾ ਪ੍ਰਾਜੈਕਟ ਨੂੰ ਦਾਨ ਦੇ ਦਿੱਤੇ ਸਨ।