ਚੰਡੀਗੜ– ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੁਝ ਥਾਵਾਂ ਤੇ ਸੇਵਾ ਕੇਂਦਰਾਂ ਦੇ ਖੁੱਲੇ ਹੋਣ ਦਾ ਇਸ਼ਤਿਹਾਰ ਜਾਰੀ ਕਰਨਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ। ਸਰਕਾਰ ਹਜਾਰਾਂ ਦੀ ਗਿਣਤੀ ਵਿੱਚ ਬੰਦ ਕੀਤੇ ਗਏ ਸੇਵਾ ਕੇਂਦਰਾਂ ਦੀ ਸੂਚੀ ਦਾ ਇਸ਼ਤਿਹਾਰ ਵੀ ਜਾਰੀ ਕਰੇ। ਅੱਜ ਚੰਡੀਗੜ• ਵਿੱਚ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਖਰ ਪੰਜਾਬ ਸਰਕਾਰ ਨੇ ਇਹ ਮੰਨ ਲਿਆ ਹੈ ਕਿ ਸੇਵਾਂ ਕੇਂਦਰ ਬੰਦ ਕਰਨ ਦਾ ਫੈਸਲਾ ਇੱਕ ਬੱਜਰ ਗਲਤੀ ਸੀ ਅਤੇ ਘਟੀਆ ਰਾਜਨੀਤੀ ਤੋਂ ਪ੍ਰੇਰਿਤ ਸੀ। ਉਹਨਾਂ ਇਹ ਵੀ ਮੰਗ ਕੀਤੀ ਕਿ ਵਾਰ-ਵਾਰ ਥੁੱਕ ਕੇ ਚੱਟਣ ਨਾਲੋਂ ਸਾਰੇ ਦੇ ਸਾਰੇ ਸੇਵਾ ਕੇਂਦਰ ਇੱਕੋ ਵਾਰ ਤੁਰੰਤ ਦੁਬਾਰਾ ਚਾਲੂ ਕੀਤੇ ਜਾਣ।
ਆਪਣਾ ਬਿਆਨ ਜਾਰੀ ਰੱਖਦੇ ਹੋਏ ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਅਤੇ ਘਰ ਬੈਠੇ ਸੇਵਾਵਾਂ ਦੇਣ ਵਾਸਤੇ ਬੜੀ ਮਿਹਨਤ ਨਾਲ ਦੋ ਹਜਾਰ ਤੋਂ ਵੱਧ ਸੇਵਾਂ ਕੇਂਦਰ ਬਣਾ ਕੇ ਚਾਲੂ ਕੀਤੇ ਗਏ ਸਨ ਜੋ ਕਿ ਬਹੁਤ ਵਧੀਆ ਸੇਵਾਵਾਂ ਮੁਹੱਈਆ ਕਰਵਾ ਰਹੇ ਸਨ। ਪਰ ਮੌਜ਼ੂਦਾ ਕਾਂਗਰਸ ਸਰਕਾਰ ਨੇ ਇਹਨਾਂ ਸੇਵਾ ਕੇਂਦਰਾਂ ਨੂੰ ਹੋਰ ਬਿਹਤਰ ਬਣਾਉਣ ਦੀ ਬਜਾਏ ਈਰਖਾਵਸ ਫੈਸਲਾ ਲੈਂਦੇ ਹੋਏ ਬਿਨਾਂ ਕਿਸੇ ਸੋਚੇ ਸਮਝੇ ਇਹਨਾਂ ਤੇ ਤਾਲੇ ਜੜ• ਦਿੱਤੇ ਸਨ ਅਤੇ ਵਧੀਆ ਸੇਵਾਵਾਂ ਦੇ ਰਹੇ ਨੌਜਵਾਨਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ। ਹੁਣ ਪਾਰਲੀਮੈਂਟ ਦੀਆਂ ਚੋਣਾਂ ਨੇੜੇ ਆਉਣ ਕਰਕੇ ਜਨਤਾ ਦੇ ਰੋਹ ਨੂੰ ਭਾਂਪਦਿਆਂ ਸਰਕਾਰ ਨੇ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਕੁਝ ਥਾਵਾਂ ਤੇ ਸੇਵਾ ਕੇਂਦਰ ਖੁੱਲੇ ਰਹਿਣ ਦੇ ਇਸ਼ਤਿਹਾਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ।
ਡਾ. ਚੀਮਾ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਇਸ ਬੱਜਰ ਗੁਨਾਹ ਲਈ ਪੰਜਾਬ ਦੀ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਇਸ ਗੱਲ ਦੀ ਜਿੰਮੇਵਾਰੀ ਵੀ ਤੈਅ ਕਰਨੀ ਚਾਹੀਦੀ ਹੈ ਕਿ ਇਹ ਸੇਵਾ ਕੇਂਦਰ ਬੰਦ ਕਰਨ ਦਾ ਜ਼ਾਲਮਾਨਾ ਅਣਗਹਿਲੀ ਵਾਲਾ ਫੈਸਲਾ ਕਿਸ ਦੇ ਕਹਿਣ ਤੇ ਲਿਆ ਗਿਆ ਸੀ ਅਤੇ ਉਸਨੂੰ ਕੀ ਸਜਾ ਦਿੱਤੀ ਜਾਵੇ ?
ਅਖੀਰ ‘ਤੇ ਡਾ. ਚੀਮਾ ਨੇ ਕਿਹਾ ਕਿ ਇਹ ਪਹਿਲਾ ਫੈਸਲਾ ਨਹੀਂ ਹੈ ਜੋ ਸਰਕਾਰ ਨੂੰ ਵਾਪਸ ਲੈਣਾ ਪੈ ਰਿਹਾ ਹੈ । ਇਸ ਤੋਂ ਪਹਿਲਾਂ ਵੀ ਸ਼੍ਰੀ ਅੰਮ੍ਰਿਤਸਰ ਵਿੱਚ ਬੀ.ਆਰ.ਟੀ.ਐਸ ਪ੍ਰਾਜੈਕਟ ਅਤੇ ਗਿਆਰਵੀਂ ਅਤੇ ਬਾਰਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਸਬੰਧੀ ਵੀ ਮੌਜ਼ੂਦਾ ਕਾਂਗਰਸ ਸਰਕਾਰ ਨੂੰ ਆਪਣੇ ਫੈਸਲੇ ਵਾਪਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਫੈਸਲੇ ਅਨੁਸਾਰ ਕੰਮ ਕਰਨਾ ਪਿਆ ਹੈ। ਇਸੇ ਤਰਾਂ ਹੁਣ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਕੀਤੇ ਜਾ ਰਹੇ ਐਲਾਨ ਸਬੰਧੀ ਪਹਿਲਾਂ ਹੀ ਸਾਡੀ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਐਕਟ ਪਾਸ ਕਰ ਦਿੱਤਾ ਗਿਆ ਸੀ ਜੋ ਕਿ ਮੌਜੂਦਾ ਸਰਕਾਰ ਵੱਲੋਂ 2 ਸਾਲ ਲੰਬਿਤ ਰੱਖਣ ਤੋਂ ਬਾਅਦ ਹੁਣ ਫਿਰ ਚੋਣਾਂ ਦੇ ਮੱਦੇਨਜ਼ਰ ਦੁਬਾਰਾ ਲਾਗੂ ਕਰਨ ਦੇ ਫੋਕੇ ਐਲਾਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਬੜੀ ਅਜੀਬ ਗੱਲ ਹੈ ਕਿ ਲਗਾਤਾਰ 2 ਸਾਲ ਕਾਂਗਰਸ ਸਰਕਾਰ ਸਾਡੇ ਫੈਸਲਿਆਂ ਨੂੰ ਭੰਡਦੀ ਰਹੀ ਅਤੇ ਹੁਣ ਚੋਣਾਂ ਵਿੱਚ ਲੋਕਾਂ ਦੇ ਰੋਹ ਨੂੰ ਮੁੱਖ ਰੱਖਦਿਆਂ ਹੁਣ ਉਹਨਾਂ ਫੈਸਲਿਆਂ ਨੂੰ ਲਾਗੂ ਕਰਵਾਉਣ ਵਾਲੇ ਪਾਸੇ ਤੁਰੀ ਹੈ ਪਰ ਪੰਜਾਬ ਦੀ ਜਨਤਾ ਬੇਹੱਦ ਸਮਝਦਾਰ ਹੈ ਅਤੇ ਉਹ ਹੁਣ ਦੋ ਸਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਚੰਗੇ ਕੰਮਾਂ ਨੂੰ ਲਾਗੂ ਨਾ ਕਰਨ ਦੀ ਸਜਾ ਪਾਰਲੀਮੈਂਟ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਦੇਵੇਗੀ।