ਸਾਨੂੰ ਇੱਕ ਦੂਸਰੇ ਤੋਂ ਕਿੰਨਾ ਕੁਝ ਚਾਹੀਦੈ। ਸਾਨੂੰ ਇਹ ਵੀ ਪਤੈ ਕਿ ਸਾਨੂੰ ਆਪਣੀਆਂ ਉਮੀਦਾਂ ਦੀ ਪਤੰਗ ਬਹੁਤੀ ਉੱਚੀ ਨਹੀਂ ਉਡਾਉਣੀ ਚਾਹੀਦੀ ਜਾਂ ਸਾਨੂੰ ਗ਼ੈਰਵਿਹਾਰੀ ਖ਼ਵਾਬਾਂ ‘ਚ ਨਹੀਂ ਗੁਆਚਣਾ ਚਾਹੀਦਾ, ਪਰ ਅਜਿਹਾ ਕਰਨ ਦੀ ਲਗਭਗ ਆਦਿਕਾਲ ਦੀ ਇਸ ਮਨੁੱਖੀ ਇੱਛਾ ਤੋਂ ਬੱਚਣਾ ਸਾਡੇ ਵੱਸ ਦੀ ਗੱਲ ਨਹੀਂ। ਕੀ ਕੋਈ ਤੁਹਾਡੇ ਤੋਂ ਗ਼ੈਰਵਾਜਿਬ ਆਸਾਂ ਲਗਾਈ ਬੈਠੈ? ਕੀ ਤੁਸੀਂ ਵੀ ਅੰਦਰੂਨੀ ਤੌਰ ‘ਤੇ ਇਹ ਕਾਮਨਾ ਕਰ ਰਹੇ ਹੋ ਕਿ ਕੋਈ ਵਿਅਕਤੀ ਗ਼ੈਬੀ ਸ਼ਕਤੀਆਂ ਰੱਖਣ ਵਾਲਾ ਇੱਕ ਅਵਤਾਰ ਨਿਕਲੇ? ਨਾਮੁਮਕਿਨ ਸ਼ਾਇਦ ਤੁਹਾਡੀ ਜ਼ਿੰਦਗੀ ਵਿੱਚ ਨਾ ਵਾਪਰ ਸਕੇ, ਪਰ, ਖ਼ੁਸ਼ੀ ਦੀ ਗੱਲ ਇਹ ਹੈ ਕਿ ਇਸ ਨੂੰ ਵਾਪਰਣ ਦੀ ਲੋੜ ਵੀ ਨਹੀਂ। ਦਰਅਸਲ, ਜੋ ਹਾਸਿਲ ਹੋ ਸਕਦੈ ਉਹ ਸ਼ਾਇਦ ਸੁਪਨੇ ਨਾਲ ਹੂ-ਬ-ਹੂ ਮੇਲ ਨਾ ਵੀ ਖਾਵੇ, ਪਰ ਉਹ ਉਦੇਸ਼ਾਂ ਅਤੇ ਲੋੜਾਂ ਦੀ ਪੂਰਤੀ ਕਰੇਗਾ ਅਤੇ ਇੱਛਾਵਾਂ ਦੀ ਸੰਤੁਸ਼ਟੀ।
ਸਾਨੂੰ ਸਭ ਨੂੰ, ਕਈ ਵਾਰ, ਅਜਿਹੇ ਸਮਝੌਤਿਆਂ ਅਤੇ ਪ੍ਰਬੰਧਾਂ ਨਾਲ ਨਿਰਬਾਹ ਕਰਨਾ ਪੈਂਦੈ ਜਿਹੜੇ ਅਸੀਂ ਜੇ ਬਦਲ ਸਕਦੇ ਹੁੰਦੇ ਤਾਂ ਜ਼ਰੂਰ ਬਦਲ ਦਿੰਦੇ। ਜਦੋਂ ਕਿ ਅਜਿਹੀਆਂ ਸਥਿਤੀਆਂ ਨੂੰ ਬਦਲ ਸਕਣ ਦੇ ਹਰ ਮੌਕੇ ਲਈ ਸਾਨੂੰ ਆਪਣੀਆਂ ਨਿਗਾਹਾਂ ਹਮੇਸ਼ਾ ਮੁਸਤੈਦ ਰੱਖਣੀਆਂ ਚਾਹੀਦੀਆਂ ਹਨ, ਜਦੋਂ ਅਸੀਂ ਹਰ ਉਸ ਸ਼ੈਅ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹਾਂ ਜਿਸ ਨੂੰ ਅਸੀਂ ਬਦਲ ਨਹੀਂ ਸਕਦੇ ਤਾਂ ਅਸੀਂ ਆਪਣਾ ਬਹੁਤਾ ਫ਼ਾਇਦਾ ਨਹੀਂ ਕਰਦੇ। ਤੁਹਾਡੀ ਨਿੱਜੀ ਅਤੇ ਭਾਵਨਾਤਮਕ ਜ਼ਿੰਦਗੀ ਵਿੱਚ, ਤੁਹਾਨੂੰ ਕਿਸੇ ਤੱਥ ਦਾ ਡੱਟ ਕੇ ਸਾਹਮਣਾ ਕਰਨਾ ਪੈਣੈ ਅਤੇ ਸਥਿਤੀ ਨਾਲ ਗ਼ੁਜ਼ਾਰਾ ਵੀ। ਜੇਕਰ ਇਸ ਨੂੰ ਇੱਕ ਸਮਝੌਤਾ ਸਮਝ ਕੇ ਕੀਤਾ ਜਾਵੇ ਨਾ ਕਿ ਕੋਈ ਕੁਰਬਾਨੀ ਤਾਂ ਇਹ ਸੰਸਾਰ ਇਸ ਦੀ ਤੁਹਾਨੂੰ ਬਹੁਤ ਸਾਰੇ ਅਜਿਹੇ ਢੰਗਾਂ ਨਾਲ ਵਾਪਸੀ ਕਰੇਗਾ ਜਿਹੜੇ ਸੱਚਮੁੱਚ ਆਨੰਦਮਈ ਹੋਣਗੇ।
ਅਜਿਹਾ ਕਿਉਂ ਕਿ ਅਸੀਂ ਹਮੇਸ਼ਾ ਇਸ ਗੱਲ ਦਾ ਅਹਿਸਾਸ ਕਰਾਏ ਜਾਣ ਦੀ ਲੋੜ ਮਹਿਸੂਸ ਕਰਦੇ ਹਾਂ ਕਿ ਸਾਡੀਆਂ ਜ਼ਿੰਦਗੀਆਂ ਦੀ ਕੋਈ ਕੀਮਤ ਹੈ? ਕੀ ਅਸੀਂ ਦੂਸਰਿਆਂ ਤੋਂ ਆਪਣੇ ਲਈ ਵੈਧਗੀ ਭਾਲਦੇ ਹਾਂ? ਕੀ ਅਸੀਂ ਇਹ ਮਹਿਸੂਸ ਕਰਨਾ ਚਾਹੁੰਦੇ ਹਾਂ ਕਿ ਲੋਕ ਸਾਡਾ ਨੋਟਿਸ ਲੈਂਦੇ ਹਨ, ਅਤੇ ਉਨ੍ਹਾਂ ਨੂੰ ਸਾਡੀ ਲੋੜ ਹੈ? ਜਾਂ ਫ਼ਿਰ ਕੀ ਸਾਡੇ ਲਈ ਕੇਵਲ ਇੰਨਾ ਜਾਣ ਲੈਣਾ ਹੀ ਕਾਫ਼ੀ ਹੈ ਕਿ ਅਸੀਂ ਆਪਣੇ ਆਪ ਵਿੱਚ ਆਪਣੀ ਹੋਂਦ ਨਾਲ ਸੁਰੱਖਿਅਤ ਮਹਿਸੂਸ ਕਰਦੇ ਹਾਂ? ਅਕਸਰ ਲੋਕ ਉਸ ਵਕਤ ਸਭ ਤੋਂ ਵੱਧ ਆਕਰਸ਼ਕ ਲੱਗਦੇ ਨੇ ਜਦੋਂ ਉਹ ਪੂਰੀ ਤਰ੍ਹਾਂ ਮੁਕੰਮਲ ਮਹਿਸੂਸ ਕਰਨ। ਇਸ ਦੇ ਮੱਦੇਨਜ਼ਰ, ਧਿਆਨ ਰੱਖਿਓ ਕਿ ਤੁਹਾਡੀਆਂ ਸਾਰੀਆਂ ਸੰਭਾਵਨਾਵਾਂ ਉਨ੍ਹਾਂ ਮੌਕਿਆਂ ਦੁਆਲੇ ਘੁੰਮ ਰਹੀਆਂ ਹਨ ਜਿਹੜੇ ਵਧੇਰੇ ਆਤਮ-ਨਿਰਭਰ ਜੀਵਨ ਪ੍ਰਦਾਨ ਕਰਨਗੇ। ਮਜ਼ੇ ਦੀ ਗੱਲ ਇਹ ਹੈ, ਜਦੋਂ ਤੁਸੀਂ ਅਜਿਹਾ ਕਰੋਗੇ, ਤੁਸੀਂ ਆਪਣੇ ਆਪ ਨੂੰ ਵਧੇਰੇ ਡਿਮਾਂਡ ਵਿੱਚ ਵੀ ਪਾਓਗੇ।
ਤੁਹਾਨੂੰ ਕਿਸ ਹੱਦ ਤਕ ਨਜ਼ਰਅੰਦਾਜ਼ ਕੀਤਾ ਜਾਂ ਨਾਕਾਬਿਲ ਸਮਝਿਆ ਜਾ ਰਿਹਾ ਹੈ? ਕੀ ਤੁਸੀਂ ਇਸ ਤੋਂ ਵੱਧ ਪ੍ਰਸ਼ੰਸਾ ਦੇ ਹੱਕਦਾਰ ਨਹੀਂ? ਜਦੋਂ ਵੀ ਮੌਕੇ ਸਾਹਮਣੇ ਆਉਣ ਤਾਂ ਤੁਹਾਨੂੰ ਉਨ੍ਹਾਂ ਨੂੰ ਪੂਰੇ ਵਿਸ਼ਵਾਸ ਨਾਲ ਬੋਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਜਾਏ ਇਸ ਸ਼ੱਕ ਹੇਠ ਆਪਣੀ ਪਾਤਰਤਾ ‘ਤੇ ਹੀ ਸਵਾਲ ਖੜ੍ਹੇ ਕਰਨ ਦੇ ਕਿ ਕੋਈ ਹੋਰ ਤੁਹਾਨੂੰ ਉਨ੍ਹਾਂ ਦਾ ਹੱਕਦਾਰ ਨਹੀਂ ਮੰਨਦਾ। ਹੁਣ ਵਕਤ ਹੈ ਆਪਣੇ ਆਪ ਨੂੰ ਅਚੰਭਿਤ ਅਤੇ ਦੂਸਰਿਆਂ ਨੂੰ ਭੌਚੱਕੇ ਕਰਨ ਦਾ ਅਤੇ ਸਾਰੀਆਂ ਧਾਰਣਾਵਾਂ ਦੇ ਬਾਵਜੂਦ ਉਹ ਕਰ ਕੇ ਦਿਖਾਉਣ ਦਾ ਜੋ ਕਰਨ ਦੇ ਤੁਸੀਂ ਸੱਚਮੁੱਚ ਕਾਬਿਲ ਹੋ।
ਤੁਹਡੇ ਕੋਲ ਇੰਨੀ ਜ਼ਿਆਦਾ ਸ਼ਕਤੀ, ਇੰਨਾ ਹੁਨਰ, ਇੰਨਾ ਸਵੈ-ਵਿਸ਼ਵਾਸ ਹੈ। ਕੀ ਤੁਹਾਨੂੰ ਇਸ ਸਭ ਦਾ ਅਹਿਸਾਸ ਹੈ? ਜਾਂ ਫ਼ਿਰ ਤੁਹਾਨੂੰ ਇੰਝ ਹੀ ਲੱਗਦੈ ਕਿ ਇਸ ਰੁਖੇ, ਬਲਵਾਨ ਸੰਸਾਰ ਨੇ ਤੁਹਾਨੂੰ ਡਰਾ ਧਮਕਾ ਕੇ ਅਧੀਨਤਾ ਕਬੂਲਣ ਲਈ ਮਜਬੂਰ ਕਰ ਦਿੱਤਾ ਹੈ? ਕੀ ਤੁਹਾਨੂੰ ਇਹ ਡਰ ਹੈ ਕਿ ਜੇ ਜ਼ਿੰਦਗੀ ਨੇ ਅਜਿਹੀ ਜਦੋਜਹਿਦ ਹੀ ਬਣੇ ਰਹਿਣਾ ਹੈ ਤਾਂ ਫ਼ਿਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਕਿੰਨੇ ਕੁਦਰਤੀ ਤੋਹਫ਼ੇ ਹਨ ਅਤੇ ਜੀਵਨ ਵਿੱਚ ਤੁਹਾਡੀ ਸਥਿਤੀ ਕਿੰਨੀ ਮਜ਼ਬੂਤ ਹੈ? ਜੇਕਰ ਤੁਸੀਂ ਅਜਿਹੇ ਸੁਝਾਵਾਂ ‘ਤੇ ਆਪਣਾ ਸਿਰ ਸਹਿਮਤੀ ਵਿੱਚ ਹਿਲਾ ਰਹੇ ਹੋ ਤਾਂ ਵੀ ਬਿਹਤਰੀ ਲਈ ਤਬਦੀਲੀ ਜ਼ਰੂਰ ਆਵੇਗੀ ਅਤੇ ਉੱਪਰ ਲਿਖੀਆਂ ਸ਼ੁਰੂਆਤੀ ਸਤਰਾਂ ਸੱਚ ਸਾਬਿਤ ਹੋ ਕੇ ਰਹਿਣਗੀਆਂ।