ਕਾਰਤਿਕ ਆਰਿਅਨ ਜਲਦੀ ਹੀ ਸਿਲਵਰ ਸਕ੍ਰੀਨ ‘ਤੇ ਅਭਿਨੇਤਰੀ ਦਿਸ਼ਾ ਪਟਾਨੀ ਨਾਲ ਅਦਾਕਾਰੀ ਕਰਦਾ ਨਜ਼ਰ ਆ ਸਕਦਾ ਹੈ। ਫ਼ਿਲਮ ਸੋਨੂ ਕੇ ਟੀਟੂ ਕੀ ਸਵੀਟੀ ਦੀ ਸਫ਼ਲਤਾ ਤੋਂ ਬਾਅਦ ਕਾਰਤਿਕ ਦੀ ਇੰਡਸਟਰੀ ‘ਚ ਇੱਕ ਵੱਖਰੀ ਪਛਾਣ ਬਣ ਗਈ ਹੈ। ਫ਼ਿਲਮਸਾਜ਼ ਉਸ ਦੇ ਹੁਨਰ ਤੋਂ ਕਾਫ਼ੀ ਪ੍ਰਭਾਵਿਤ ਹਨ। ਕਹਿ ਸਕਦੇ ਹਾਂ ਕਿ ਕਾਰਤਿਕ ਦੇ ਸਿਤਾਰੇ ਇਸ ਸਮੇਂ ਬੁਲੰਦੀ ‘ਤੇ ਹਨ।
ਕਾਰਤਿਕ ਦੀ ਫ਼ਿਲਮ ਲੁਕਾ ਛਿਪੀ ਦੀ ਆਉਣ ਤੋਂ ਪਹਿਲਾਂ ਹੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਇਸ ‘ਚ ਉਹ ਪਹਿਲੀ ਵਾਰ ਕ੍ਰਿਤੀ ਸੈਨਨ ਨਾਲ ਨਜ਼ਰ ਆਏਗਾ। ਇਸ ਤੋਂ ਇਲਾਵਾ ਉਹ ਭੂਮੀ ਪੇਡਨੇਕਰ ਅਤੇ ਅਨੰਨਿਆ ਪਾਂਡੇ ਨਾਲ ਫ਼ਿਲਮ ਪਤੀ ਪਤਨੀ ਔਰ ਵੋਹ ਦੇ ਰੀਮੇਕ ‘ਚ ਵੀ ਲੀਡ ਰੋਲ ਕਰੇਗਾ। ਪਹਿਲਾਂ ਇਸ ਫ਼ਿਲਮ ‘ਚ ਤਾਪਸੀ ਪੰਨੂ ਨੂੰ ਲਏ ਜਾਣ ਦੀ ਚਰਚਾ ਸੀ। ਤਾਪਸੀ ਨੇ ਇਸ ਫ਼ਿਲਮ ‘ਚ ਉਸ ਨੂੰ ਨਾ ਲਏ ਜਾਣ ‘ਤੇ ਇੱਕ ਇੰਟਰਵਿਊ ਦੌਰਾਨ ਦੁੱਖ ਪ੍ਰਗਟ ਕੀਤਾ ਸੀ।
ਬੌਲੀਵੁਡ ਫ਼ਿਲਮਸਾਜ਼ ਕਾਰਤਿਕ ਦੀ ਅਦਾਕਾਰੀ ਤੋਂ ਕਾਫ਼ੀ ਪ੍ਰਭਾਵਿਤ ਹਨ ਅਤੇ ਇਹੀ ਵਜ੍ਹਾ ਹੈ ਕਿ ਨਿਰਦੇਸ਼ਕ ਅਨੀਸ ਬਜ਼ਮੀ ਅਤੇ ਭੂਸ਼ਣ ਕੁਮਾਰ ਨੇ ਇੱਕ ਹੋਰ ਫ਼ਿਲਮ ਲਈ ਕਾਰਤਿਕ ਨੂੰ ਸਾਈਨ ਕੀਤਾ ਹੈ। ਇਹ ਕੌਮੇਡੀ ਅਤੇ ਰੁਮਾਂਸ ‘ਤੇ ਆਧਾਰਿਤ ਫ਼ਿਲਮ ਹੋਵੇਗੀ। 1998 ਵਿੱਚ ਰਿਲੀਜ਼ ਹੋਈ ਫ਼ਿਲਮ ਪਿਆਰ ਤੋ ਹੋਨਾ ਹੀ ਥਾ ਤੋਂ ਬਾਅਦ ਅਨੀਸ ਬਜ਼ਮੀ ਕਾਰਤਿਕ ਨੂੰ ਲੈ ਕੇ ਇਸ ਤਰ੍ਹਾਂ ਦੀ ਫ਼ਿਲਮ ਬਣਾ ਰਿਹਾ ਹੈ। ਇਸ ਫ਼ਿਲਮ ‘ਚ ਕਾਰਤਿਕ ਆਰਿਅਨ ਨਾਲ ਅਭਿਨੇਤਰੀ ਦਿਸ਼ਾ ਪਟਾਨੀ ਨੂੰ ਸਾਈਨ ਕੀਤੇ ਜਾਣ ਲਈ ਗੱਲਬਾਤ ਚੱਲ ਰਹੀ ਹੈ। ਦਿਸ਼ਾ ਇਸ ਫ਼ਿਲਮ ਲਈ ਨਿਰਮਾਤਾ ਦੀ ਪਹਿਲੀ ਪਸੰਦ ਹੈ।