ਦੁਬਈ – ਵਿਰਾਟ ਕੋਹਲੀ ਦੀ ਟੈੱਸਟ ਕ੍ਰਿਕਟ ‘ਚ ਨੰਬਰ ਇੱਕ ਬੱਲੇਬਾਜ਼ੀ ਰੈਂਕਿੰਗ ਨੂੰ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਨਿਊ ਜ਼ੀਲੈਂਡ ਦੇ ਕਪਤਾਨ ਕੈਨ ਵਿਲੀਅਮਸਨ ਉਸ ਦੇ ਬਹੁਤ ਨੇੜੇ ਪਹੁੰਚ ਗਏ ਹਨ ਅਤੇ ਬੰਗਲਾਦੇਸ਼ ਵਿਰੁੱਧ ਬਾਕੀ ਦੇ ਦੋ ਮੈਚਾਂ ‘ਚ ਵਧੀਆ ਪ੍ਰਦਰਸ਼ਨ ਜਾਰੀ ਰੱਖਣ ‘ਤੇ ਉਹ ਭਾਰਤੀ ਕਪਤਾਨ ਨੂੰ ਚੋਟੀ ਦੇ ਸਥਾਨ ‘ਤੋਂ ਹਟਾ ਸਕਦੇ ਹਨ। ਵਿਲੀਅਮਸਨ ਨੇ ਬੰਗਲਾਦੇਸ਼ ਵਿਰੁੱਧ ਹੈਮਿਲਟਨ ‘ਚ ਖੇਡੇ ਗਏ ਪਹਿਲੇ ਮੈਚ ‘ਚ ਜੇਤੂ 200 ਦੌੜਾਂ ਬਣਾਈਆਂ ਸਨ ਜਿਸ ਨਾਲ ਉਸ ਨੂੰ 18 ਰੇਂਟਿੰਗ ਅੰਕਾਂ ਦਾ ਫ਼ਾਇਦਾ ਹੋਇਆ। ਵਿਲੀਅਮਸਨ ਦੇ ਹੁਣ 915 ਅੰਕ ਹੋ ਗਏ ਹਨ ਅਤੇ ਉਹ ਕੋਹਲੀ (922 ਅੰਕ) ਤੋਂ ਕੇਵਲ 7 ਅੰਕ ਪਿੱਛੇ ਹੈ। ਵਿਲੀਅਮਸਨ ਨੇ ਇਸ ਸੀਰੀਜ਼ ਵਿੱਚ ਹਾਲੇ ਦੋ ਮੈਚ ਹੋਰ ਖੇਡਣੇ ਹਨ ਅਤੇ ਉਸ ਕੋਲ ਕੋਹਲੀ ਤੋਂ ਅੱਗੇ ਨਿਕਲਣ ਦਾ ਮੌਕਾ ਹੈ। ਦੂਜੇ ਪਾਸੇ ਕੋਹਲੀ ਨੇ ਲਗਭਗ ਪੰਜ ਮਹੀਨੇ ਤਕ ਹੋਰ ਕੋਈ ਟੈੱਸਟ ਮੈਚ ਨਹੀਂ ਖੇਡਣਾ। ਕੋਹਲੀ ਵੈਸੇ ਟੈੱਸਟ ਕ੍ਰਿਕਟ ਤੋਂ ਇਲਾਵਾ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ‘ਚ ਵੀ ਇੱਕ ਨੰਬਰ ਦਾ ਬੱਲੇਬਾਜ਼ ਹੈ।
ਵਿਲੀਅਮਸਨ ਨੇ ਆਪਣੇ ਕਰੀਅਰ ਦੀ ਸਭ ਤੋਂ ਜ਼ਿਆਦਾ ਰੇਂਟਿੰਗ ਹਾਸਿਲ ਕੀਤੀ ਹੈ। ਇਹ ਨਿਊ ਜ਼ੀਲੈਂਡ ਦੇ ਕਿਸੇ ਵੀ ਕ੍ਰਿਕਟਰ ਦੀ ਸਭ ਤੋਂ ਜ਼ਿਆਦਾ ਰੇਂਟਿੰਗ ਵੀ ਹੈ। ਉਸ ਤੋਂ ਪਹਿਲਾਂ ਕੇਵਲ ਰਿਚਰਡ ਹੈਡਲੀ (909 ਅੰਕ) ਹੀ ਗੇਂਦਬਾਜ਼ੀ ‘ਚ 900 ਦੀ ਸੰਖਿਆ ਤੋਂ ਪਾਰ ਪਹੁੰਚਿਆ ਸੀ। ਕੋਹਲੀ ਅਤੇ ਵਿਲੀਅਮਸਨ ਤੋਂ ਬਾਅਦ ਭਾਰਤੀ ਦੌੜਾਂ ਬਣਾਉਣ ਵਾਲੀ ਮਸ਼ੀਨ ਚੇਤੇਸ਼ਵਰ ਪੁਜਾਰਾ (881 ਅੰਕ) ਪਹਿਲੇ ਦੀ ਤਰ੍ਹਾਂ ਤੀਜੇ ਸਥਾਨ ‘ਤੇ ਬਣਿਆ ਹੋਇਆ ਹੈ। ਅੰਜਿਕਿਆ ਰਹਾਣੇ ਵੀ ਚੋਟੀ 20 ‘ਚ ਸ਼ਾਮਿਲ ਹੋ ਗਿਆ ਹੈ। ਇਸ ਤਰ੍ਹਾਂ ਨਾਲ ਭਾਰਤ ਦੇ ਚਾਰ ਬੱਲੇਬਾਜ਼ ਹੁਣ ਚੋਟੀ ਦੇ 20 ‘ਚ ਪਹੁੰਚ ਗਏ ਹਨ। ਰਿਸ਼ਭ ਪੰਤ 14ਵੇਂ ਸਥਾਨ ‘ਤੇ ਬਣਿਆ ਹੋਇਆ ਹੈ।
ਗੇਂਦਬਾਜ਼ੀ ਰੈਂਕਿੰਗ ‘ਚ ਚੋਟੀ ਪੰਜ ‘ਚ ਕੋਈ ਬਦਲਾਅ ਨਹੀਂ ਹੋਇਆ। ਭਾਰਤ ਦੇ ਤਿੰਨ ਗੇਂਦਬਾਜ਼ ਰਵਿੰਦਰ ਜਡੇਜਾ ਪੰਜਵੇਂ, ਰਵੀਚੰਦਰਨ ਅਸ਼ਵਿਨ ਦਸਵੇਂ ਅਤੇ ਜਸਪ੍ਰੀਤ ਬੁਮਰਾਹ ਸੋਲ੍ਹਵੇਂ ਨੰਬਰ ‘ਤੇ ਹਨ। ਮੁਹੰਮਦ ਸ਼ਮੀ ਇੱਕੀਵੇਂ ਸਥਾਨ ‘ਤੇ ਹੈ ਅਤੇ ਉਹ 20 ਗੇਂਦਬਾਜ਼ਾਂ ‘ਚ ਸ਼ਾਮਿਲ ਹੋਣ ਦੇ ਕਰੀਬ ਹੈ।