ਜੰਮੂ— ਵੀਰਵਾਰ ਨੂੰ ਜੰਮੂ ਦੇ ਇਕ ਬੱਸ ਅੱਡੇ ‘ਤੇ ਗ੍ਰੇਨੇਡ ਧਮਾਕਾ ਹੋਇਆ। ਇਸ ਧਮਾਕੇ ਕਾਰਨ 32 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿਚੋਂ 3 ਦੀ ਹਾਲਤ ਗੰਭੀਰ ਹੈ। ਜ਼ਖਮੀਆਂ ਨੂੰ ਜੰਮੂ ਮੈਡੀਕਲ ਕਾਲਜ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਕ ਜ਼ਖਮੀ ਦੀ ਮੌਤ ਹੋ ਗਈ ਹੈ। ਧਮਾਕੇ ਦੀ ਸੂਚਨਾ ਮਿਲਦੇ ਹੀ ਜੰਮੂ-ਕਸ਼ਮੀਰ ਪੁਲਸ ਮੌਕੇ ‘ਤੇ ਪੁੱਜੀ ਅਤੇ ਇਲਾਕੇ ਦੀ ਘੇਰਾਬੰਦੀ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਗ੍ਰੇਨੇਡ ਸੁੱਟਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਸ ਥਾਂ ਇਹ ਧਮਾਕਾ ਹੋਇਆ ਹੈ, ਉੱਥੇ ਲੋਕਾਂ ਦੀ ਵੱਡੀ ਭੀੜ ਰਹਿੰਦੀ ਹੈ। ਆਲੇ-ਦੁਆਲੇ ਬਹੁਤ ਸਾਰੀਆਂ ਦੁਕਾਨਾਂ ਵੀ ਹਨ। ਪੁਲਸ ਲੋਕਾਂ ਨੂੰ ਉੱਥੋਂ ਹਟਾ ਰਹੀ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੀਆਂ ਬੱਸਾਂ ਨੂੰ ਵੀ ਨੁਕਸਾਨ ਪੁੱਜਾ ਹੈ। ਓਧਰ ਜੰਮੂ ਦੇ ਇੰਸਪੈਕਟਰ ਜਨਰਲ ਆਫ ਪੁਲਸ ਐੱਮ. ਕੇ. ਸਿਨਹਾ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਹ ਇਕ ਗ੍ਰੇਨੇਡ ਧਮਾਕਾ ਸੀ।
ਦੱਸਣਯੋਗ ਹੈ ਕਿ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਵੱਡਾ ਆਤਮਘਾਤੀ ਹਮਲਾ ਹੋਇਆ ਸੀ। ਇਸ ਹਮਲੇ ‘ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਅੱਤਵਾਦੀ ਹਮਲੇ ਮਗਰੋਂ ਹੀ ਜੰਮੂ-ਕਸ਼ਮੀਰ ਵਿਚ ਹਾਈ ਅਲਰਟ ਜਾਰੀ ਹੈ। ਪੁਲਵਾਮਾ ਹਮਲੇ ਤੋਂ ਬਾਅਦ ਵੀ ਕਈ ਅਜਿਹੇ ਇਨਪੁਟ ਆਉਂਦੇ ਰਹੇ ਹਨ, ਜਿਸ ਵਿਚ ਇਕ ਹੋਰ ਹਮਲੇ ਦਾ ਖਦਸ਼ਾ ਸੀ। ਇਸ ਧਮਾਕੇ ਤੋਂ ਬਾਅਦ ਖੁਫੀਆ ਏਜੰਸੀਆਂ ਅਲਰਟ ਹੋ ਗਈਆਂ ਹਨ। ਪ੍ਰਸ਼ਾਸਨ ਨੇ ਜੰਮੂ-ਕਸ਼ਮੀਰ ਦੀ ਜਨਤਾ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਨਾ ਸਿਰਫ ਬੱਸ ਅੱਡੇ ਸਗੋਂ ਕਿ ਪੂਰੇ ਸ਼ਹਿਰ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਪੁਲਸ ਇਸ ਸਮੇਂ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲ ਰਹੀ ਹੈ, ਤਾਂ ਕਿ ਪਤਾ ਲੱਗ ਸਕੇ ਕਿ ਇਹ ਧਮਾਕਾ ਕਿਸ ਨੇ ਕੀਤਾ।