ਇਸ ਸਾਲ ਸੋਨਾਕਸ਼ੀ ਸਿਨਹਾ ਕਾਫ਼ੀ ਰੁੱਝੀ ਰਹਿਣ ਵਾਲੀ ਹੈ। ਉਸ ਕੋਲ ਇਸ ਵਕਤ ਕਈ ਪ੍ਰੌਜੈਕਟ ਚੱਲ ਰਹੇ ਹਨ। ਇਨ੍ਹਾਂ ‘ਚ ਕੁੱਝ ਵੱਡੇ ਬਜਟ ਦੀਆਂ ਮਲਟੀਸਟਾਰਜ਼ ਫ਼ਿਲਮਾਂ ਵੀ ਸ਼ਾਮਿਲ ਹਨ …
ਬੌਲੀਵੁਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਆਉਣ ਵਾਲੇ ਦਿਨਾਂ ‘ਚ ਸੰਜੀਦਾ ਅਦਾਕਾਰ ਨਵਾਜ਼ਉਦੀਨ ਸਿੱਦੀਕੀ ਨਾਲ ਫ਼ਿਲਮ ਕਰੇਗੀ। ਇਸ ਸਾਲ ਸੋਨਾਕਸ਼ੀ ਕਾਫ਼ੀ ਰੁੱਝੀ ਰਹੇਗੀ। ਉਸ ਕੋਲ ਇਸ ਸਮੇਂ ਕਈ ਪ੍ਰੌਜੈਕਟ ਹਨ ਅਤੇ ਉਹ ਇਨ੍ਹਾਂ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਵੀ ਹੈ। ਸੋਨਾਕਸ਼ੀ ਨੂੰ ਹੁਣ ਇੱਕ ਹੋਰ ਫ਼ਿਲਮ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਚਰਚਾ ਹੈ ਕਿ ਸਿੱਦੀਕੀ ਦੀ ਅਗਲੀ ਫ਼ਿਲਮ ਬੋਲੇ ਚੂੜੀਆਂ ‘ਚ ਸੋਨਕਾਸ਼ੀ ਮੁੱਖ ਹੀਰੋਇਨ ਹੋਵੇਗੀ। ਇਸ ਫ਼ਿਲਮ ਨਾਲ ਨਵਾਜ਼ਉਦੀਨ ਦਾ ਭਰਾ ਸ਼ੰਸ ਨਵਾਬ ਸਿੱਦੀਕੀ ਨਿਰਦੇਸ਼ਨ ਦੇ ਖੇਤਰ ‘ਚ ਡੈਬਿਊ ਕਰੇਗਾ।
ਸ਼ੰਸ ਨੂੰ ਇਸ ਫ਼ਿਲਮ ਲਈ ਕਾਫ਼ੀ ਸਮੇਂ ਤੋਂ ਅਭਿਨੇਤਰੀ ਦੀ ਭਾਲ ਸੀ ਜੋ ਸੋਨਾਕਸ਼ੀ ‘ਤੇ ਆ ਕੇ ਪੂਰੀ ਹੋ ਗਈ ਹੈ। ਉਸ ਨੂੰ ਲੱਗਦਾ ਹੈ ਕਿ ਇਸ ਕਿਰਦਾਰ ਲਈ ਸੋਨਾਕਸ਼ੀ ਹੀ ਸਭ ਤੋਂ ਜ਼ਿਆਦਾ ਠੀਕ ਰਹੇਗੀ। ਸੋਨਾਕਸ਼ੀ ਨੂੰ ਵੀ ਸਕ੍ਰਿਪਟ ਪਸੰਦ ਆਈ ਹੈ, ਅਤੇ ਉਸ ਨੇ ਇਸ ਫ਼ਿਲਮ ਲਈ ਹਾਮੀ ਵੀ ਭਰ ਦਿੱਤੀ ਹੈ। ਫ਼ਿਲਮ ਬਾਰੇ ਸਾਰੀਆਂ ਸ਼ਰਤਾਂ ਤੈਅ ਹੋਣ ਤੋਂ ਬਾਅਦ ਫ਼ਿਲਮਸਾਜ਼ ਇਸ ਦਾ ਰਸਮੀ ਐਲਾਨ ਕਰਨਗੇ। ਇਸ ਤੋਂ ਪਹਿਲਾਂ ਇਸ ਫ਼ਿਲਮ ਲਈ ਸ਼ਰਧਾ ਕਪੂਰ ਨੂੰ ਅਪ੍ਰੋਚ ਕੀਤਾ ਗਿਆ ਸੀ। ਉਸ ਨੂੰ ਵੀ ਸਕ੍ਰਿਪਟ ਪਸੰਦ ਆਈ ਸੀ, ਪਰ ਦੂਜੇ ਪ੍ਰੌਜੈਕਟਾਂ ‘ਚ ਰੁੱਝੇ ਹੋਣ ਕਾਰਨ ਉਸ ਨੇ ਇਸ ਫ਼ਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਸੋਨਾਕਸ਼ੀ ਦੀਆਂ ਆਉਣ ਵਾਲੀਆਂ ਫ਼ਿਲਮਾਂ ‘ਚ ਕਲੰਕ, ਮਿਸ਼ਨ ਮੰਗਲ, ਦਬੰਗ 3, ਆਦਿ ਸ਼ਾਮਿਲ ਹਨ। ਇਸ ਸਮੇਂ ਉਹ ਮਿਸ਼ਨ ਮੰਗਲ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਵਿੱਚ ਉਸ ਨਾਲ ਅਕਸ਼ੇ ਕੁਮਾਰ, ਤਾਪਸੀ ਪੰਨੂ, ਵਿਦਿਆ, ਆਦਿ ਨਜ਼ਰ ਆਉਣਗੇ। ਇਹ ਫ਼ਿਲਮ ਅਕਸ਼ੇ ਕੁਮਾਰ ਦਾ ਪ੍ਰੋਡਕਸ਼ਨ ਹਾਊਸ ਬਣਾ ਰਿਹੈ। ਇਹ ਮਹਿਲਾ ਕਿਰਦਾਰਾਂ ‘ਤੇ ਆਧਾਰਿਤ ਫ਼ਿਲਮ ਹੋਵੇਗੀ। ਇਸ ਤੋਂ ਬਾਅਦ ਸੋਨਕਾਸ਼ੀ ਸਿਨਹਾ ਫ਼ਿਲਮ ਦਬੰਗ 3 ਦੀ ਸ਼ੂਟਿੰਗ ਕਰੇਗੀ। ਇਸ ਫ਼ਿਲਮ ਦੇ ਪਹਿਲੇ ਭਾਗ ਨਾਲ ਸੋਨਾਕਸ਼ੀ ਨੇ ਬੌਲੀਵੁੱਡ ‘ਚ ਡੈਬਿਊ ਕੀਤਾ ਸੀ।