ਨਵੀਂ ਦਿੱਲੀ— ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਵੀਰਵਾਰ ਨੂੰ ਸੁਪਰੀਮ ਕੋਰਟ ‘ਚ ਆਪਣੀ ਗਲਤੀ ਸਵੀਕਾਰ ਕਰ ਲਈ ਹੈ। ਉਨ੍ਹਾਂ ਨੇ ਮੰਨਿਆ ਕਿ ਐੱਮ. ਨਾਗੇਸ਼ਵਰ ਰਾਵ ਦੀ ਸੀ.ਬੀ.ਆਈ. ਦੇ ਅੰਤਰਿਮ ਡਾਇਰੈਕਟਰ ਦੇ ਰੂਪ ‘ਚ ਨਿਯੁਕਤੀ ਬਾਰੇ ਉੱਚ ਅਧਿਕਾਰ ਚੋਣ ਕਮੇਟੀ ਦੀ ਬੈਠਕ ਦੀ ਕਾਰਵਾਈ ਦਾ ਵੇਰਵੇ ਨੂੰ ਘੜ੍ਹਿਆ ਹੋਇਆ ਦੱਸਣ ਸੰਬੰਧੀ ਟਵੀਟ ਕਰ ਕੇ ਗਲਤੀ ਕੀਤੀ ਸੀ। ਜ਼ਿਕਰਯੋਗ ਹੈ ਕਿ ਭੂਸ਼ਣ ਨੇ ਆਪਣੇ ਟਵੀਟ ‘ਚ ਕਿਹਾ ਸੀ ਕਿ ਸਰਕਾਰ ਨੇ ਸ਼ਾਇਦ ਘੜ੍ਹਿਆ ਹੋਇਆ ਕਾਰਵਾਈ ਵੇਰਵਾ ਕੋਰਟ ‘ਚ ਪੇਸ਼ ਕੀਤਾ ਹੈ।
ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਨਵੀਨ ਸਿਨਹਾ ਦੀ ਬੈਂਚ ਨੂੰ ਕਿਹਾ ਕਿ ਭੂਸ਼ਣ ਦੇ ਬਿਆਨ ਨੂੰ ਦੇਖਦੇ ਹੋਏ ਉਹ ਉਨ੍ਹਾਂ ਦੇ ਖਿਲਾਫ ਦਾਇਰ ਆਪਣੀ ਮਾਣਹਾਨੀ ਪਟੀਸ਼ਨ ਵਾਪਸ ਲੈਣਾ ਚਾਹੁਣਗੇ। ਹਾਲਾਂਕਿ, ਭੂਸ਼ਣ ਨੇ ਕੋਰਟ ‘ਚ ਇਕ ਅਰਜ਼ੀ ਦਾਇਰ ਕਰ ਕੇ ਜਸਟਿਸ ਅਰੁਣ ਮਿਸ਼ਰਾ ਨੂੰ ਅਪੀਲ ਕੀਤੀ ਕਿ ਉਹ ਵੇਣੂਗੋਪਾਲ ਦੀ ਮਾਣਹਾਨੀ ਪਟੀਸ਼ਨ ‘ਤੇ ਸੁਣਵਾਈ ਤੋਂ ਖੁਦ ਨੂੰ ਵੱਖ ਕਰਨ। ਇਸ ਤੋਂ ਬਾਅਦ ਜਸਟਿਸ ਮਿਸ਼ਰਾ ਨੂੰ ਮਾਣਹਾਨੀ ਪਟੀਸ਼ਨ ਦੀ ਸੁਣਵਾਈ ਤੋਂ ਵੱਖ ਹੋਣ ਦੀ ਅਪੀਲ ਕਰਨ ਲਈ ਭੂਸ਼ਣ ਨੇ ਬੈਂਚ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ। ਵੇਣੂਗੋਪਾਲ ਨੇ ਬੈਂਚ ਨੂੰ ਕਿਹਾ ਕਿ ਉਹ ਆਪਣੇ ਪਹਿਲੇ ਦੇ ਬਿਆਨ ‘ਤੇ ਕਾਇਮ ਹਨ ਕਿ ਉਹ ਇਸ ਮਾਮਲੇ ‘ਚ ਪ੍ਰਸ਼ਾਂਤ ਭੂਸ਼ਣ ਲਈ ਕੋਈ ਸਜ਼ਾ ਨਹੀਂ ਚਾਹੁੰਦੇ ਹਨ। ਹਾਲਾਂਕਿ ਬੈਂਚ ਨੇ ਕਿਹਾ ਕਿ ਇਸ ਵਿਆਪਕ ਮੁੱਦੇ ‘ਤੇ ਵਿਚਾਰ ਕੀਤਾ ਜਾਵੇਗਾ ਕਿ ਕੀ ਕੋਈ ਵਿਅਕਤੀ ਅਦਾਲਤ ਦੇ ਵਿਚਾਰ ਅਧੀਨ ਕਿਸੇ ਮਾਮਲੇ ‘ਚ ਜਨਤਾ ਦੀ ਰਾਏ ਨੂੰ ਪ੍ਰਭਾਵਿਤ ਕਰਨ ਲਈ ਕੋਰਟ ਦੀ ਆਲੋਚਨਾ ਕਰ ਸਕਦਾ ਹੈ। ਬੈਂਚ ਇਸ ਮਾਮਲੇ ‘ਚ ਹੁਣ 3 ਅਪ੍ਰੈਲ ਨੂੰ ਅੱਗੇ ਦੀ ਸੁਣਵਾਈ ਕਰੇਗੀ।