ਨਾਗਪੁਰ – ਕਪਤਾਨ ਵਿਰਾਟ ਕੋਹਲੀ (116) ਦੇ 40ਵੇਂ ਸੈਂਕੜੇ ਅਤੇ ਜਸਪ੍ਰੀਤ ਬੁਮਰਾਹ ਦੀ ਡੈੱਥ ਓਵਰਾਂ ਦੀ ਕਮਾਲ ਦੀ ਗੇਂਦਬਾਜ਼ੀ ਅਤੇ ਵਿਜੇ ਸ਼ੰਕਰ ਦੇ ਚਮਤਕਾਰੀ ਆਖ਼ਰੀ ਓਵਰ ਦੀ ਬਦੌਲਤ ਭਾਰਤ ਨੇ ਇੱਥੇ ਆਸਟਰੇਲੀਆ ਨੂੰ ਦੂਜੇ ਵਨ ਡੇ ਵਿੱਚ ਰੋਮਾਂਚਕ ਸੰਘਰਸ਼ ਵਿੱਚ ਅੱਠ ਦੌੜਾਂ ਨਾਲ ਹਰਾ ਕੇ ਆਪਣੇ ਵਨ ਡੇ ਇਤਿਹਾਸ ਦੀ 500ਵਾਂ ਜਿੱਤ ਦਰਜ ਕਰ ਲਈ।
ਭਾਰਤ ਨੇ 48.2 ਓਵਰਾਂ ‘ਚ 250 ਦੌੜਾਂ ਬਣਾਉਣ ਤੋਂ ਬਾਅਦ ਆਸਟਰੇਲੀਆ ਨੂੰ 49.3 ਓਵਰਾਂ ਵਿੱਚ 242 ਦੌੜਾਂ ‘ਤੇ ਆਲ ਆਊਟ ਕਰ ਕੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਬੜ੍ਹਤ ਬਣਾ ਲਈ ਅਤੇ ਆਸਟਰੇਲੀਆ ਵਿਰੁੱਧ ਨਾਗਪੁਰ ਮੈਦਾਨ ‘ਤੇ ਜਿੱਤ ਦਾ ਚੌਕਾ ਵੀ ਲਾ ਦਿੱਤਾ। ਭਾਰਤ ਨੇ ਇਸ ਮੈਦਾਨ ‘ਤੇ ਆਸਟਰੇਲੀਆ ਵਿਰੁੱਧ ਖੇਡੇ ਗਏ ਆਪਣੇ ਸਾਰੇ ਚਾਰ ਮੈਚ ਜਿੱਤੇ ਹਨ। ਆਸਟਰੇਲੀਆਈ ਟੀਮ 45 ਓਵਰਾਂ ਵਿੱਚ 6 ਵਿਕਟਾਂ ‘ਤੇ 222 ਦੌੜਾਂ ਬਣਾ ਕੇ ਸੁਖਦਾਇਕ ਸਥਿਤੀ ਵਿੱਚ ਸੀ, ਪਰ ਬੁਮਰਾਹ ਨੇ 46ਵੇਂ ਓਵਰ ਵਿੱਚ ਨੇਥਨ ਕੋਲਟਰ ਨਾਇਲ ਅਤੇ ਪੈਟ ਕਮਿਬਹਖ ਨੂੰ ਆਊਟ ਕਰ ਕੇ ਭਾਰਤ ਨੂੰ ਮੁਕਾਬਲੇ ਵਿੱਚ ਵਾਪਸੀ ਕਰਾਈ। ਬੁਮਰਾਹ ਨੇ ਫ਼ਿਰ ਪਾਰੀ ਦੇ 48ਵੇਂ ਓਵਰ ਵਿੱਚ ਸਿਰਫ਼ ਇੱਕ ਦੌੜ ਦਿੱਤਾ। ਆਸਟਰੇਲੀਆ ਨੂੰ ਆਖ਼ਰੀ ਓਵਰ ਵਿੱਚ ਜਿੱਤ ਲਈ ਹੁਣ 11 ਦੌੜਾਂ ਦੀ ਲੋੜ ਸੀ ਅਤੇ ਕਪਤਾਨ ਵਿਰਾਟ ਨੇ ਇੱਕ ਵੱਡਾ ਜੂਆ ਖੇਡਦੇ ਹੋਏ ਗੇਂਦ ਵਿਜੇ ਸ਼ੰਕਰ ਨੂੰ ਦੇ ਦਿੱਤੀ ਹਾਲਾਂਕਿ ਕੇ. ਜਾਧਵ ਨੇ ਉਸ ਵੇਲੇ ਤਕ ਸੁੱਟੇ ਆਪਣੇ ਅੱਠ ਓਵਰਾਂ ਵਿੱਚ ਵਧੀਆਂ ਗੇਂਦਬਾਜ਼ੀ ਕੀਤੀ ਸੀ। ਇਸ ਦੇ ਉਲਟ ਸ਼ੰਕਰ ਨੇ ਉਸ ਪਾਰੀ ਵਿੱਚ ਪਹਿਲਾਂ ਇੱਕ ਹੀ ਓਵਰ ਸੁੱਟਿਆ ਸੀ ਜਿਸ ਵਿੱਚ ਉਸ ਨੇ 13 ਦੌੜਾਂ ਦੇ ਦਿੱਤੀਆਂ ਸਨ।
ਉਸ ਨੇ ਆਪਣੇ ਕਪਤਾਨ ਦੇ ਭਰੋਸੇ ਨੂੰ ਸਹੀ ਸਾਬਿਤ ਕਰਦੇ ਹੋਏ ਬੱਲੇਬਾਜ਼ ਮਾਰਕਸ ਸਟੌਇਨਜ਼ ਨੂੰ ਪਹਿਲੀ ਹੀ ਗੇਂਦ ‘ਤੇ Lbw ਆਊਟ ਕਰ ਦਿੱਤਾ। ਸਟੌਇਨਜ਼ ਨੇ ਰੈਫ਼ਰਲ ਲਿਆ ਪਰ ਕੋਈ ਫ਼ਾਇਦਾ ਨਾ ਹੋਇਆ ਅਤੇ ਅੰਪਾਇਰ ਦੇ ਆਊਟ ਹੋਣ ਦਾ ਫ਼ੈਸਲਾ ਬਰਕਰਾਰ ਰਿਹਾ। ਵਿਜੇ ਨੇ ਓਵਰ ਦੀ ਤੀਜੀ ਗੇਂਦ ‘ਤੇ ਐਡਮ ਜ਼ੈਂਪਾ ਨੂੰ ਬੋਲਡ ਕਰ ਕੇ ਜਿੱਤ ਭਾਰਤ ਦੀ ਝੋਲੀ ਵਿੱਚ ਪਾ ਦਿੱਤੀ ਅਤੇ ਆਪਣੀ ਚੋਣ ਨੂੰ ਸਹੀ ਸਾਬਿਤ ਕਰਨ ਦੇ ਨਾਲ ਹੀ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਵੀ ਮਜ਼ਬੂਤ ਕਰ ਲਈ। ਵਿਜੇ ਦੇ ਅੰਤਰਰਾਸ਼ਟਰੀ ਕਰੀਅਰ ਦੀਆਂ ਇਹ ਪਹਿਲੀਆਂ ਦੋ ਵਿਕਟਾਂ ਸਨ।