ਰਣਵੀਰ ਨੇ ਸ਼ੁਰੂਆਤੀ ਦੌਰ ‘ਚ ਐਕਟਿੰਗ ਛੱਡਣ ਦਾ ਫ਼ੈਸਲਾ ਕਰ ਲਿਆ ਸੀ। ਉਸ ਨੂੰ ਲਗਦਾ ਸੀ ਕਿ ਉਹ ਇਸ ‘ਚ ਕਾਮਯਾਬ ਨਹੀਂ ਹੋਵੇਗਾ
ਰਣਵੀਰ ਸਿੰਘ ਬੌਲੀਵੁਡ ਦਾ ਅਜਿਹਾ ਅਦਾਕਾਰ ਹੈ ਜੋ ਆਪਣੀ ਹਰ ਫ਼ਿਲਮ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦਾ ਹੈ। ਰਣਵੀਰ ਨੇ 2010 ਵਿੱਚ ਫ਼ਿਲਮ ਬੈਂਡ ਬਾਜਾ ਬਾਰਾਤ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣ ੳਹ ਬੌਲੀਵੁਡ ‘ਚ ਆਪਣੀ ਇੱਕ ਚੰਗੀ ਪਛਾਣ ਬਣਾ ਚੁੱਕਾ ਹੈ, ਪਰ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਰਣਵੀਰ ਨੇ ਨਿਰਾਸ਼ ਹੋ ਕੇ ਐਕਟਿੰਗ ਛੱਡਣ ਦਾ ਫ਼ੈਸਲਾ ਕਰ ਲਿਆ ਸੀ।
ਰਣਵੀਰ ਨੇ ਇੱਕ ਟੀਵੀ ਸ਼ੋਅ ਵਿੱਚ ਕਰੀਅਰ ਦੇ ਸ਼ੁਰੂਆਤੀ ਦਿਨਾਂ ਬਾਰੇ ਗੱਲ ਕਰਦਿਆਂ ਕਿਹਾ, ”ਮੈਨੂੰ ਸ਼ੁਰੂ ‘ਚ ਲੱਗਣ ਲੱਗਾ ਸੀ ਕਿ ਮੈਂ ਫ਼ਿਲਮੀ ਦੁਨੀਆ ‘ਚ ਆਪਣੀ ਜਗ੍ਹਾ ਨਹੀਂ ਬਣਾ ਸਕਾਂਗਾ ਕਿਉਂਕਿ ਮੇਰੀ ਕਿਸੇ ਵੀ ਵੱਡੀ ਫ਼ਿਲਮੀ ਹਸਤੀ ਨਾਲ ਜਾਣ-ਪਛਾਣ ਨਹੀਂ ਸੀ। ਉਹ ਮੇਰੇ ਸੰਘਰਸ਼ ਦਾ ਦੌਰ ਸੀ ਜਦੋਂ ਮੈਂ 10ਵੀਂ ‘ਚ ਪੜ੍ਹਦਾ ਸਾਂ ਤਾਂ ਮੈਨੂੰ ਲਗਦਾ ਸੀ ਕਿ ਮੈਂ ਐਕਟਿੰਗ ਦੇ ਖੇਤਰ ‘ਚ ਨਹੀਂ ਜਾ ਸਕਦਾ ਕਿਉਂਕਿ ਮੇਰੀ ਕਿਸੇ ਫ਼ਿਲਮੀ ਹਸਤੀ ਨਾਲ ਜਾਣ-ਪਛਾਣ ਨਹੀਂ ਹੈ।”
ਰਣਵੀਰ ਨੇ ਦੱਸਿਆ, ”ਮੈਂ ਸੋਚਿਆ ਕਿ ਕੁੱਝ ਅਜਿਹਾ ਕੀਤਾ ਜਾਵੇ ਜੋ ਮੇਰੇ ਵੱਸ ‘ਚ ਹੋਵੇ। ਮੈਂ ਯੂਨੀਵਰਸਿਟੀ ਔਫ਼ ਅਮੈਰੀਕਾ ‘ਚ ਐਕਟਿੰਗ ਦੀ ਪੜ੍ਹਾਈ ਕਰਨ ਦਾ ਫ਼ੈਸਲਾ ਲਿਆ ਹਾਲਾਂਕਿ ਉੱਥੇ ਰੈਜਿਸਟ੍ਰੇਸ਼ਨ ਬੰਦ ਹੋ ਚੁੱਕੀ ਸੀ। ਮੈਨੂੰ ਪਤਾ ਲੱਗਾ ਕਿ ਯੂਨੀਵਰਸਿਟੀ ‘ਚ ਸਿਰਫ਼ ਐਕਟਿੰਗ ਕਲਾਸ ਵਿੱਚ ਇੱਕ ਹੀ ਸਲੌਟ ਖ਼ਾਲੀ ਸੀ। ਮੈਂ ਐਕਟਿੰਗ ‘ਚ ਦਾਖ਼ਲਾ ਲੈ ਲਿਆ।” ਰਣਵੀਰ ਨੇ ਦੱਸਿਆ ਕਿ ਉਸ ਨੂੰ ਉੱਥੇ ਪਹਿਲੇ ਦਿਨ ਹੀ ਪਰਫ਼ੌਰਮ ਕਰਨ ਲਈ ਆਖ ਦਿੱਤਾ ਗਿਆ। ਸਾਰਿਆਂ ਨੂੰ ਉਸ ਦੀ ਪਰਫ਼ੌਰਮੈਂਸ ਪਸੰਦ ਆਈ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਚੰਗਾ ਪਰਫ਼ਾਰਮਰ ਹੈ।
ਰਣਵੀਰ ਸਿੰਘ ਆਪਣੀ ਹੁਣ ਤਕ ਆਈ ਹਰ ਫ਼ਿਲਮ ‘ਚ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਨੂੰ ਹੈਰਾਨ ਅਤੇ ਅਚੰਭਿਤ ਕਰ ਚੁੱਕਾ ਹੈ। ਉਸ ਦੀ ਫ਼ਿਲਮ ਸਿੰਬਾ ਨੇ ਬੌਕਸ ਔਫ਼ਿਸ ‘ਤੇ ਜ਼ਬਰਦਸਤ ਕਮਾਈ ਕੀਤੀ ਸੀ। ਰਣਵੀਰ ਦੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਗਲੀ ਬੁਆਏ ਵੀ ਪਰਦੇ ‘ਤੇ ਚੰਗੀ ਕਮਾਈ ਕਰ ਰਹੀ ਹੈ। ਇਸ ਸਮੇਂ ਰਣਵੀਰ ਫ਼ਿਲਮ 83 ਦੀ ਤਿਆਰੀ ਕਰ ਰਿਹਾ ਹੈ। ਇਸ ਵਿੱਚ ਉਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਏਗਾ। ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਵੀ ਇਸ ਫ਼ਿਲਮ ਨਾਲ ਬੌਲੀਵੁਡ ‘ਚ ਡੈਬਿਊ ਕਰੇਗਾ।