ਜੰਮੂ— ਜੰਮੂ-ਕਸ਼ਮੀਰ ਦੇ ਪੁੰਛ ਅਤੇ ਰਾਜੌਰੀ ਜ਼ਿਲਿਆਂ ਵਿਚ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਵਲੋਂ ਪਿਛਲੇ 20 ਘੰਟਿਆਂ ਵਿਚ ਜੰਗਬੰਦੀ ਉਲੰਘਣਾ ਦੀ ਕੋਈ ਖਬਰ ਨਹੀਂ ਹੈ, ਜਿਸ ਕਾਰਨ ਸਰਹੱਦ ‘ਤੇ ਬੇਚੈਨ ਕਰਨ ਵਾਲੀ ਸ਼ਾਂਤੀ ਪਸਰੀ ਹੋਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਦਰਮਿਆਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਜੰਮੂ ਦਾ ਆਪਣਾ ਦੌਰਾ ਰੱਦ ਕਰ ਦਿੱਤਾ। ਸੀਤਾਰਮਨ ਸਾਂਬਾ ਅਤੇ ਅਖਨੂਰ ਸੈਕਟਰਾਂ ‘ਚ ਦੋ ਅਹਿਮ ਪੁੱਲਾਂ ਦੇ ਉਦਘਾਟਨ ਤੋਂ ਇਲਾਵਾ ਪਿਛਲੇ 9 ਦਿਨਾਂ ਤੋਂ ਜਾਰੀ ਗੋਲੀਬਾਰੀ ਦੇ ਮੱਦੇਨਜ਼ਰ ਸਰਹੱਦ ‘ਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਇਹ ਦੌਰਾ ਕਰਨ ਵਾਲੀ ਸੀ। ਇਕ ਰੱਖਿਆ ਬੁਲਾਰੇ ਨੇ ਇਹ ਵੀ ਦੱਸਿਆ ਕਿ ਰੱਖਿਆ ਮੰਤਰੀ ਦਾ ਬੀਨ ਪੁਲ ਅਤੇ ਢੋਕ ਪੁਲ ਦੇ ਉਦਘਾਟਨ ਲਈ ਸਾਂਬਾ ਅਤੇ ਅਖਨੂਰ ਸੈਕਟਰਾਂ ਦਾ ਪਹਿਲਾਂ ਤੋਂ ਤੈਅ ਦੌਰਾ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੌਰਾ ਰੱਦ ਕੀਤੇ ਜਾਣ ਦਾ ਕੋਈ ਕਾਰਨ ਨਾ ਦੱਸਦੇ ਹੋਏ ਕਿਹਾ ਕਿ ਦੌਰੇ ਦੀ ਨਵੀਂ ਤਰੀਕ ਦੀ ਬਾਅਦ ਵਿਚ ਜਾਣਕਾਰੀ ਦਿੱਤੀ ਜਾਵੇਗੀ।
ਬੁਲਾਰੇ ਨੇ ਦੱਸਿਆ ਕਿ ਜੰਮੂ ਖਾਸ ਕੇ ਸਭ ਤੋਂ ਵੱਧ ਪ੍ਰਭਾਵਿਤ ਰਾਜੌਰੀ ਅਤੇ ਪੁੰਛ ਜ਼ਿਲਿਆਂ ਵਿਚ ਕੰਟਰੋਲ ਰੇਖਾ ‘ਤੇ ਬੁੱਧਵਾਰ ਦੁਪਹਿਰ ਤੋਂ ਪਾਕਿਸਤਾਨ ਵਲੋਂ ਜੰਗਬੰਦੀ ਉਲੰਘਣਾ ਕੀਤੇ ਜਾਣ ਦੀ ਕੋਈ ਖਬਰ ਨਹੀਂ ਮਿਲੀ ਹੈ। ਪਾਕਿਸਤਾਨ ਨੇ ਦੋਹਾਂ ਜ਼ਿਲਿਆਂ ਵਿਚ ਗੈਰ-ਫੌਜੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਲਈ ਤੋਪਾਂ ਅਤੇ ਲੰਬੀ ਦੂਰੀ ਦੇ ਮੋਰਟਾਰ ਦਾ ਇਸਤੇਮਾਲ ਕੀਤਾ ਸੀ, ਜਿਸ ਦਾ ਫੌਜ ਨੇ ਕਰਾਰਾ ਜਵਾਬ ਦਿੱਤਾ। ਬੁਲਾਰੇ ਨੇ ਕਿਹਾ ਕਿ ਫੌਜ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ‘ਤੇ ਚੌਕਸੀ ਵਰਤ ਰਹੀ ਹੈ ਅਤੇ ਹਾਲਾਤ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੁਲਵਾਮਾ ਵਿਚ 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਭਾਰਤ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼ ਦੇ ਅੱਤਵਾਦੀ ਕੈਂਪਾਂ ‘ਤੇ ਹਵਾਈ ਹਮਲਾ ਕੀਤਾ ਸੀ। ਭਾਰਤੀ ਫੌਜ ਨੇ ਕੰਟਰੋਲ ਰੇਖਾ ‘ਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਲੈ ਕੇ ਬੁੱਧਵਾਰ ਨੂੰ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਸੀ ਅਤੇ ਕਿਹਾ ਸੀ ਕਿ ਭੜਕਾਵੇ ਦੀ ਇਸ ਪ੍ਰਕਾਰ ਦੀ ਕਾਰਵਾਈ ਦੇ ਗੰਭੀਰ ਨਤੀਜੇ ਭੁਗਤਨੇ ਪੈਣਗੇ।