ਕ੍ਰਿਸ਼ਮਾ ਕਪੂਰ ਹੁਣ ਇੱਕ ਵੈੱਬ ਸੀਰੀਜ਼ ‘ਚ ਕੰਮ ਕਰ ਕੇ ਆਪਣੇ ਕਰੀਅਰ ਦੀ ਨਵੀਂ ਪਾਰੀ ਸ਼ੁਰੂ ਕਰੇਗੀ। ਕ੍ਰਿਸ਼ਮਾ ਲੰਬੇ ਅਰਸੇ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਹੈ। ਹੁਣ ਉਹ ਵੈੱਬ ਸੀਰੀਜ਼ ਦੇ ਖੇਤਰ ‘ਚ ਕਦਮ ਰੱਖਣ ਦੀ ਤਿਆਰੀ ਕਰ ਰਹੀ ਹੈ। ਇਹ ਵੈੱਬ ਸੀਰੀਜ਼ ਏਕਤਾ ਕਪੂਰ ਦੇ ਪ੍ਰੋਡਕਸ਼ਨ ਹਾਊਸ ਵਲੋਂ ਤਿਆਰ ਕੀਤੀ ਜਾ ਰਹੀ ਹੈ। ਇਹ ਵੈੱਬ ਸੀਰੀਜ਼ ਅਮਰੀਕੀ TV ਸ਼ੋਅ ਪ੍ਰੈਟੀ ਲਿਟਲ ‘ਤੇ ਆਧਾਰਿਤ ਹੋਵੇਗੀ। ਇਸ ਸ਼ੋਅ ਵਿੱਚ ਪੰਜ ਕੁੜੀਆਂ ਸ਼ਾਮਿਲ ਸਨ ਪਰ ਏਕਤਾ ਦੀ ਇਸ ਸੀਰੀਜ਼ ‘ਚ ਪੰਜ ਮਾਵਾਂ ਹੋਣਗੀਆਂ। ਉਨ੍ਹਾਂ ਵਿੱਚੋਂ ਇੱਕ ਮਾਂ ਦਾ ਕਿਰਦਾਰ ਕ੍ਰਿਸ਼ਮਾ ਕਪੂਰ ਨਿਭਾਏਗੀ। ਫ਼ਿਲਮ ਦੀ ਕਾਸਟ ਨੂੰ ਫ਼ਾਈਨਲ ਕਰਨ ਤੋਂ ਬਾਅਦ ਏਕਤਾ ਇਸ ਸੀਰੀਜ਼ ਬਾਰੇ ਰਸਮੀ ਐਲਾਨ ਕਰੇਗੀ।
ਜ਼ਿਕਰਯੋਗ ਹੈ ਕਿ ਕ੍ਰਿਸ਼ਮਾ ਪਤੀ ਤੋਂ ਤਲਾਕ ਲੈਣ ਉਪਰੰਤ ਆਪਣੇ ਦੋਹਾਂ ਬੱਚਿਆਂ ਦੀ ਦੇਖ- ਭਾਲ ਵੱਲ ਧਿਆਨ ਦੇ ਰਹੀ ਸੀ। ਉਸ ਦੀ ਆਖ਼ਰੀ ਫ਼ਿਲਮ ਡੇਂਜ਼ਰਸ ਇਸ਼ਕ 2010 ‘ਚ ਰਿਲੀਜ਼ ਹੋਈ ਸੀ। ਕ੍ਰਿਸ਼ਮਾ ਪਾਸੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਆਉਣ ਵਾਲੇ ਸਮੇਂ ਦੌਰਾਨ ਫ਼ਿਲਮਾਂ ‘ਚ ਕੰਮ ਕਰੇਗੀ? ਇਸ ‘ਤੇ ਕ੍ਰਿਸ਼ਮਾ ਨੇ ਕਿਹਾ ਕਿ ਉਸ ਨੂੰ ਪਤਾ ਨਹੀਂ ਕਿ ਉਹ ਕਦੇ ਫ਼ਿਲਮਾਂ ‘ਚ ਕੰਮ ਕਰੇਗੀ ਜਾਂ ਨਹੀਂ। ਉਹ ਖ਼ੁਦ ਨੂੰ ਰੁਝੇਵੇਂ ‘ਚ ਰੱਖਣ ਲਈ ਅੱਜਕੱਲ੍ਹ ਕੁੱਝ ਇਸ਼ਤਿਹਾਰ ਕਰ ਰਹੀ ਹੈ।
ਜਦੋਂ ਉਸ ਤੋਂ ਪੁੱਛਿਆ ਗਿਆ ਕਿ ਐਕਟਿੰਗ ਦੀ ਬੁਲੰਦੀ ਨੂੰ ਛੂਹ ਕੇ ਫ਼ਿਲਮਾਂ ਤੋਂ ਦੂਰ ਚਲੇ ਜਾਣਾ ਕਿੰਨਾ ਕੁ ਠੀਕ ਸੀ? ਤਾਂ ਕ੍ਰਿਸ਼ਮਾ ਨੇ ਕਿਹਾ, ”ਮੇਰੇ ਅਨੁਸਾਰ ਬਿਲਕੁਲ ਠੀਕ ਸੀ। ਓਦੋਂ ਮੈਂ ਐਕਟਿੰਗ ‘ਚ ਕਾਮਯਾਬੀ ਹਾਸਿਲ ਕਰ ਚੁੱਕੀ ਸੀ ਅਤੇ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰਨਾ ਚਾਹੁੰਦੀ ਸੀ। ਜਦੋਂ ਲੱਗੇਗਾ ਕਿ ਮੈਨੂੰ ਹੁਣ ਫ਼ਿਲਮਾਂ ‘ਚ ਦੁਬਾਰਾ ਕੰਮ ਕਰਨਾ ਚਾਹੀਦਾ ਹੈ ਤਾਂ ਮੈਂ ਵਾਪਸੀ ਜ਼ਰੂਰ ਕਰਾਂਗੀ।” ਕ੍ਰਿਸ਼ਮਾ ਨੇ ਕਿਹਾ, ”ਆਪਣਿਆਂ ਨਾਲ ਸਮਾਂ ਗੁਜ਼ਾਰਨਾ ਸਭ ਤੋਂ ਕੀਮਤੀ ਅਨੁਭਵ ਹੈ। ਅੱਜ ਵੀ ਮੈਂ ਆਪਣੇ ਬੱਚਿਆਂ ਲਈ ਪੂਰੀ ਤਰ੍ਹਾਂ ਸਮਰਪਿਤ ਹਾਂ। ਅੱਜ ਵੀ ਮੈਂ ਆਪਣੇ ਪਰਿਵਾਰ ਨੂੰ ਹੀ ਕੰਮ ਨਾਲੋਂ ਪਹਿਲ ਦੇਣਾ ਪਸੰਦ ਕਰਦੀ ਹਾਂ।”