ਜਲਦ ਹੀ ਇਰਫ਼ਾਨ ਆਪਣੀ ਫ਼ਿਲਮ ਹਿੰਦੀ ਮੀਡੀਅਮ ਦੇ ਸੀਕੁਅਲ ‘ਤੇ ਕੰਮ ਸ਼ੁਰੂ ਕਰੇਗਾ। ਇਸ ਵਾਰ ਫ਼ਿਲਮ ਦਾ ਨਾਂ ਇੰਗਲਿਸ਼ ਮੀਡੀਅਮ ਹੋਵੇਗਾ …
ਇਰਫ਼ਾਨ ਖ਼ਾਨ ਦੀ ਸੁਪਰਹਿੱਟ ਫ਼ਿਲਮ ਹਿੰਦੀ ਮੀਡੀਅਮ ਦੇ ਸੀਕੁਅਲ ਦਾ ਨਾਂ ਇੰਗਲਿਸ਼ ਮੀਡੀਅਮ ਰੱਖਿਆ ਜਾ ਸਕਦਾ ਹੈ। ਸਾਲ 2017 ‘ਚ ਰਿਲੀਜ਼ ਹੋਈ ਫ਼ਿਲਮ ਹਿੰਦੀ ਮੀਡੀਅਮ ‘ਚ ਇਰਫ਼ਾਨ ਖ਼ਾਨ ਨੇ ਮੁੱਖ ਭੂਮਿਕਾ ਨਿਭਾਈ ਸੀ। ਕਾਫ਼ੀ ਸਮੇਂ ਤੋਂ ਇਸ ਦੇ ਸੀਕੁਅਲ ਦੀ ਯੋਜਨਾ ਬਣਾਈ ਜਾ ਰਹੀ ਸੀ। ਇਸੇ ਦੌਰਾਨ ਇਰਫ਼ਾਨ ਬਿਮਾਰ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਇੰਗਲੈਂਡ ਜਾਣਾ ਪਿਆ। ਹੁਣ ਉਹ ਆਪਣੇ ਟਿਊਮਰ ਦਾ ਇਲਾਜ ਕਰਵਾ ਕੇ ਇੰਗਲੈਂਡ ਤੋਂ ਭਾਰਤ ਪਰਤ ਆਇਆ ਹੈ ਅਤੇ ਠੀਕ ਵੀ ਹੋ ਰਿਹਾ ਹੈ, ਪਰ ਅਜੇ ਫ਼ਿਲਮਾਂ ‘ਚ ਕੰਮ ਨਹੀਂ ਕਰ ਰਿਹਾ।
ਇਰਫ਼ਾਨ ਦੇ ਭਾਰਤ ਆਉਣ ਤੋਂ ਬਾਅਦ ਕਿਹਾ ਗਿਆ ਸੀ ਕਿ ਉਹ ਜਲਦ ਹੀ ਹਿੰਦੀ ਮੀਡੀਅਮ ਦਾ ਸੀਕੁਅਲ ਸ਼ੁਰੂ ਕਰੇਗਾ। ਇਸ ਵਿੱਚ ਰਾਧਿਕਾ ਆਪਟੇ ਅਤੇ ਰਾਧਿਕਾ ਮਦਾਨ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਦੋਹਾਂ ਦੇ ਨਾਵਾਂ ਦਾ ਅਜੇ ਰਸਮੀ ਐਲਾਨ ਨਹੀਂ ਕੀਤਾ ਗਿਆ। ਫ਼ਿਲਮ ‘ਚ ਰਾਧਿਕਾ ਆਪਟੇ ਇਰਫ਼ਾਨ ਦੀ ਪਤਨੀ ਅਤੇ ਰਾਧਿਕਾ ਮਦਾਨ ਬੇਟੀ ਦਾ ਕਿਰਦਾਰ ਨਿਭਾਉਾਂਣਗੀਆਂ। ਕੁੱਝ ਦਿਨ ਪਹਿਲਾਂ ਇਸ ਫ਼ਿਲਮ ਵਿੱਚ ਕਰੀਨਾ ਕਪੂਰ ਖ਼ਾਨ ਨੂੰ ਲਏ ਜਾਣ ਦੀ ਚਰਚਾ ਵੀ ਛਿੜੀ ਸੀ। ਕਰੀਨਾ ਨੂੰ ਇਰਫ਼ਾਨ ਦੀ ਪਤਨੀ ਦੇ ਕਿਰਦਾਰ ਲਈ ਅਪ੍ਰੋਚ ਕੀਤਾ ਗਿਆ ਸੀ।
ਚਰਚਾ ਹੈ ਕਿ ਫ਼ਿਲਮ ਦਾ ਨਾਂ ਹੁਣ ਹਿੰਦੀ ਮੀਡੀਅਮ 2 ਦੀ ਥਾਂ ਇੰਗਲਿਸ਼ ਮੀਡੀਅਮ ਹੋਵੇਗਾ। ਫ਼ਿਲਮ ਦੀ ਕਹਾਣੀ ਅਤੇ ਸਕ੍ਰਿਪਟ ਦਾ ਕੰਮ ਪੂਰਾ ਹੋ ਚੁੱਕਾ ਹੈ। ਇਰਫ਼ਾਨ ਨੇ ਫ਼ਿਲਮ ਦੀ ਸਕ੍ਰਿਪਟ ਪੜ੍ਹ ਲਈ ਹੈ, ਪਰ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ ਇਹ ਫ਼ਾਈਨਲ ਕਰਨਾ ਅਜੇ ਬਾਕੀ ਹੈ। ਫ਼ਿਲਮ ਦੀ ਕਹਾਣੀ ਇਰਫ਼ਾਨ ਖ਼ਾਨ ਦੀ ਬੇਟੀ ‘ਤੇ ਕੇਂਦਰਿਤ ਹੋਵੇਗੀ ਜੋ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੀ ਹੈ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਅਮਰੀਕਾ ਅਤੇ ਇੰਗਲੈਂਡ ‘ਚ ਕੀਤੀ ਜਾਵੇਗੀ। ਫ਼ਿਲਮ ਨੂੰ ਹੋਮੀ ਅਦਜਾਨਿਆ ਡਾਇਰੈਕਟ ਕਰ ਸਕਦਾ ਹੈ।