ਅਨਿਲ ਕਪੂਰ ਲਈ ਦਰਸ਼ਕਾਂ ਨੂੰ ਖ਼ੁਦ ਨਾਲ ਜੋੜੀ ਰੱਖਣਾ ਹੀ ਅਭਿਨੈ ਦਾ ਅਸਲੀ ਮਨੋਰਥ ਹੈ, ਅਤੇ ਉਹ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦਾ ਹੈ ਕਿ 35 ਸਾਲ ਦੇ ਫ਼ਿਲਮੀ ਕਰੀਅਰ ਦੌਰਨ ਉਸ ਨੂੰ ਅਜਿਹੀਆਂ ਫ਼ਿਲਮਾਂ ਮਿਲੀਆਂ ਜਿਨ੍ਹਾਂ ਕਾਰਨ ਉਸ ਨੇ ਵੱਡੀਆਂ ਉਪਲਬਧੀਆਂ ਹਾਸਿਲ ਕੀਤੀਆਂ। 1971 ‘ਚ ਰਿਲੀਜ਼ ਹੋਈ ਫ਼ਿਲਮ ਤੂ ਪਾਇਲ ਮੈਂ ਗੀਤ ‘ਚ ਸ਼ਸ਼ੀ ਕਪੂਰ ਦੇ ਬਚਪਨ ਦੀ ਭੂਮਿਕਾ ਨਾਲ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਅਨਿਲ ਦਾ ਮੰਨਣਾ ਹੈ ਕਿ ਬਹੁਤ ਸਾਰੀਆਂ ਗੱਲਾਂ ਦੇ ਸੁਮੇਲ ਨੇ ਉਸ ਨੂੰ ਕਾਮਯਾਬੀ ਦੇ ਰਾਹ ‘ਤੇ ਅੱਗੇ ਤੋਰਿਆ। ਇੱਕ ‘ਚ ਚੰਗੀ ਪਟਕਥਾ ਤੋਂ ਲੈ ਕੇ ਪ੍ਰਸ਼ੰਸਕਾਂ ਅਤੇ ਸਾਥੀਆਂ ਪਾਸੋਂ ਮਿਲਿਆ ਸਨਮਾਨ ਸ਼ਾਮਿਲ ਹੈ।
ਅਨਿਲ ਕਪੂਰ ਨੇ ਕਿਹਾ ਜਦੋਂ ਤੁਸੀਂ ਕੋਈ ਯੋਜਨਾ ਜਾਂ ਰਣਨੀਤੀ ਬਣਾਉਂਦੇ ਹੋ ਤਾਂ ਕੋਈ ਨਹੀਂ ਜਾਣਦਾ ਕਿ ਤੁਹਾਡੇ ਰਾਸਤੇ ‘ਚ ਕੀ-ਕੀ ਆਵੇਗਾ ਅਤੇ ”ਮੈਨੂੰ ਵੀ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਪੇਸ਼ ਕੀਤੀਆਂ ਜਾਂਦੀਆਂ ਰਹੀਆਂ ਹਨ। ਲਿਹਾਜ਼ਾ, ਮੈਂ ਉਨ੍ਹਾਂ ਦੀ ਚੋਣ ਨੂੰ ਲੈ ਕੇ ਚੰਗੀ ਹਾਲਤ ‘ਚ ਸਾਂ ਅਤੇ ਉਹੀ ਕਰਦਾ ਰਿਹਾ ਹਾਂ ਜੋ ਮੈਨੂੰ ਮੇਰੇ ਲਈ ਠੀਕ ਲੱਗਿਆ।” ਕਪੂਰ ਨੇ ਦੱਸਿਆ ਕਿ ਬਹੁਤ ਸਾਰੇ ਅਦਾਕਾਰਾਂ ਨੂੰ ਇਸ ਤਰ੍ਹਾਂ ਦੀਆਂ ਫ਼ਿਲਮਾਂ ਨਹੀਂ ਮਿਲਦੀਆਂ। ”ਮੈਂ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਹਰ ਤਰ੍ਹਾਂ ਦੀਆਂ ਫ਼ਿਲਮਾਂ ਮਿਲੀਆਂ ਜਿਨ੍ਹਾਂ ‘ਚ ਮੁੱਖਧਾਰਾ ਤੋਂ ਲੈ ਕੇ ਸੰਵੇਦਨਸ਼ੀਲ ਅਤੇ ਐਕਸ਼ਨ ਫ਼ਿਲਮਾਂ ਸ਼ਾਮਿਲ ਹਨ।”
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਨਿਲ ਦੀ ਟੋਟਲ ਧਮਾਲ ਫ਼ਿਲਮ ਰਿਲੀਜ਼ ਹੋਈ। ਇਸ ‘ਚ ਦੋ ਦਹਾਕਿਆਂ ਬਾਅਦ ਉਸ ਨੇ ਮਾਧੂਰੀ ਦੀਕਸ਼ਿਤ ਨਾਲ ਕੰਮ ਕੀਤਾ ਹੈ। ਦਰਸ਼ਕਾਂ ਵਲੋਂ ਇਸ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ਇਹ ਕੌਮੇਡੀ ਫ਼ਿਲਮ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ। ਅਨਿਲ ਕਪੂਰ ਦੀ ਅਗਲੀ ਫ਼ਿਲਮ ਤਖ਼ਤ ਹੋਵੇਗੀ ਜਿਸ ‘ਚ ਉਹ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦਾ ਕਿਰਦਾਰ ਨਿਭਾਉਾਂਦਾ ਨਜ਼ਰ ਆਵੇਗਾ।