ਪੰਜਾਬ ਕਾਂਗਰਸ ਸਰਕਾਰ ਹਰ ਖੇਤਰ ਵਿਚ ਫਲਾਪ ਹੋ ਚੁੱਕੀ: ਬ੍ਰਹਮਪੁਰਾ
ਬਾਦਲਾਂ ਵਲੋਂ ਵਿਸ਼ੇਸ਼ ਜਾਂਚ ਟੀਮ ਦਾ ਸਹਿਯੋਗ ਨਾ ਕਰਨਾ ਮੰਦਭਾਗਾ: ਬ੍ਰਹਮਪੁਰਾ
ਗੁਰਸੇਵ ਸਿੰਘ ਹਰਪਾਲਪੁਰ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ‘ਚ ਹੋਏ ਸ਼ਾਮਿਲ
ਮੋਹਾਲੀ : ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਉਪ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਰਕਿੰਗ ਕਮੇਟੀ ਦੇ ਸਾਬਕਾ ਮੈਂਬਰ ਗੁਰਸੇਵ ਸਿੰਘ ਹਰਪਾਲਪੁਰ ਅੱਜ ਮੋਹਾਲੀ ਵਿਖੇ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਮੌਜੂਦਗੀ ‘ਚ ਰਸਮੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਿਲ ਹੋਏ। ਸ੍ਰ. ਬ੍ਰਹਮਪੁਰਾ ਨੇ ਗੁਰਸੇਵ ਸਿੰਘ ਹਲਾਲਪੁਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ਵਿਚ ਸ਼ਾਮਿਲ ਹੋਣ ਤੇ ਨਿੱਘਾ ਸੁਆਗਤ ਕੀਤਾ। ਇਸ ਮੌਕੇ ਸ੍ਰ. ਬ੍ਰਹਮਪੁਰਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਤੋਂ ਉਮੀਦਵਾਰ ਬੀਰ ਦਵਿੰਦਰ ਸਿੰਘ, ਮੀਤ ਪ੍ਰਧਾਨ ਉਜਾਗਰ ਸਿੰਘ ਬਡਾਲੀ ਅਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਵੀ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਾਂਗਰਸ ਅਤੇ ਬਾਦਲਕਿਆਂ ਤੋਂ ਸਤਾਏ ਹੋਏ ਸਾਰੇ ਹੀ ਹਮਖਿਆਲ ਲੋਕ ਜੋ ਪੰਜਾਬ ਵਿੱਚ ਇੱਕ ਨਵਾਂ ਬਦਲਾਅ ਚਾਹੁੰਦੇ ਹਨ ਉਨ੍ਹਾਂ ਸਾਰਿਆ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ੍ਰ. ਬ੍ਰਹਮਪੁਰਾ ਨੇ ਜਨਤਾ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰ ਦਵਿੰਦਰ ਸਿੰਘ ਨੂੰ ਸਪੋਰਟ ਅਤੇ ਵੋਟ ਦੇਣ ਦੀ ਅਪੀਲ ਵੀ ਕੀਤੀ। ਇਸ ਦੇ ਨਾਲ ਸ੍ਰ. ਬ੍ਰਹਮਪੁਰਾ ਨੇ ਇਸ ਗੱਲ ਦੀ ਵੀ ਸਾਫ਼ ਸ਼ਬਦਾਂ ਵਿਚ ਪੁਸ਼ਟੀ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਵੇ ਭਾਵੇਂ ਨਾ ਹੋਵੇ ਪਰ ਸਾਡਾ ਐਲਾਨਿਆ ਉਮੀਦਵਾਰ ਬੀਰ ਦਵਿੰਦਰ ਸਿੰਘ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜੇਗਾ।
ਉਨ੍ਹਾਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਹਨਾਂ ਦੋਹਾਂ ਦੀ ਲੀਡਰਸ਼ਿਪ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ ਜਿਸ ਦੀ ਭਰਪਾਈ ਹੁਣ ਕਿਸੇ ਵੀ ਕੀਮਤ ਤੇ ਪੂਰੀ ਨਹੀਂ ਕੀਤੀ ਜਾ ਸਕਦੀ ਅਤੇ ਹੁਣ ਜੋ 1920 ਦੇ ਸਿਧਾਂਤਾਂ ਅਨੁਸਾਰ ਪਾਰਟੀ ਚੱਲ ਰਹੀ ਹੈ, ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਹੈ। ਉਨ੍ਹਾਂ ਬਹਿਬਲ ਕਲਾਂ ਅਤੇ ਬਰਗਾੜੀ ਗੋਲੀ ਕਾਂਡ ਲਈ ਗਠਨ ਕੀਤੀ ਵਿਸ਼ੇਸ਼ ਜਾਂਚ ਟੀਮ ਦਾ ਬਾਦਲਾਂ ਵਲੋਂ ਸਹਿਯੋਗ ਨਾ ਦੇਣ ਨੂੰ ਮੰਦਭਾਗਾ ਕਰਾਰ ਦਿੱਤਾ ਜਿਸਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲਾਂ ਨੂੰ ਜੇਲ੍ਹ ਜਾਣ ਤੋਂ ਡਰ ਲੱਗ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਦਲ ਪਰਿਵਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਦੋਸ਼ ਵਿੱਚ ਜਲਦ ਤੋਂ ਜਲਦ ਹਿਰਾਸਤ ਵਿਚ ਲਿਆ ਜਾਵੇ ਜਿਸ ਨਾਲ ਬਹਿਬਲ ਕਲਾਂ ਅਤੇ ਬਰਗਾੜੀ ਵਿਖੇ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ ਇੰਨਸਾਫ ਮਿਲ ਸਕੇ।
ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਦੀ 2 ਸਾਲਾਂ ਦੀ ਕਾਰਗੁਜ਼ਾਰੀ ਨੂੰ ਸਾਫ਼ ਸਪੱਸ਼ਟ ਕਰਦੇ ਹੋਏ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਭੁੱਲ ਚੁੱਕੇ ਹਨ ਕਿਉਜੋ ਅੱਜ ਅੰਨਦਾਤਾ ਕਹਾਉਣ ਵਾਲਾ ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ, ਸਰਕਾਰੀ ਮੁਲਾਜ਼ਮਾਂ ਵੱਲੋਂ ਆਏਂ ਦਿਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਧਰਨੇ ਦਿੱਤੇ ਜਾ ਰਹੇ ਹਨ, ਨੌਜਵਾਨ ਨਸ਼ਿਆਂ ਦੀ ਵਾਧੂ ਮਾਤਰਾ ਲੈਣ ਕਾਰਨ ਮੌਤ ਦੇ ਭੇਂਟ ਚੜ੍ਹ ਰਹੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਖੇਤਰ ਵਿਚ ਫਲਾਪ ਹੋ ਚੁੱਕੀ ਹੈ। ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਜਲਦ ਆਪਣਾ ਚੋਣ ਮੈਨੀਫੈਸਟੋ ਜਾਰੀ ਕਰੇਗਾ ਜਿਸ ਵਿੱਚ ਹਰ ਵਰਗ ਦੇ ਲੋਕ ਮਸਲਿਆਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ।
ਇਸ ਮੌਕੇ ਗੁਰਸੇਵ ਸਿੰਘ ਹਰਪਾਲਪੁਰ ਤੋਂ ਇਲਾਵਾ ਹਰਮਹਿੰਦਰ ਸਿੰਘ ਢਿੱਲੋਂ, ਪਲਵਿੰਦਰ ਸਿੰਘ ਰਾਏਪੁਰ, ਪਰਮਿੰਦਰ ਸਿੰਘ, ਗੁਰਕੀਰਤ ਸਿੰਘ ਕਲਕੱਤਾ, ਭੁਪਿੰਦਰ ਸਿੰਘ ਟੀਵਾਨਾ, ਬਲਜੀਤ ਸਿੰਘ ਭਾਊ, ਹਰਵਿੰਦਰ ਸਿੰਘ, ਅਮਰੀਕ ਸਿੰਘ ਧਾਲੀਵਾਲ ਅਤੇ ਦੀਦਾਰ ਸਿੰਘ ਸਿੱਧੂ ਵੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਿਲ ਹੋਏ।