ਕਾਨਪੁਰ— 2019 ਦੀਆਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਸ਼ੁੱਕਰਵਾਰ ਨੂੰ ਪੀ.ਐੱਮ. ਨਰਿੰਦਰ ਮੋਦੀ ਨੇ ਯੂ.ਪੀ. ਨੂੰ ਕਈ ਸੌਗਾਤਾਂ ਦਿੱਤੀਆਂ। ਪੀ.ਐੱਮ. ਮੋਦੀ ਨੇ ਸ਼ੁੱਕਰਵਾਰ ਦੀ ਸਵੇਰ ਵਾਰਾਣਸੀ ‘ਚ ਕਾਸ਼ੀ ਵਿਸ਼ਵਨਾਥ ਮੰਦਰ ਕੋਰੀਡੋਰ ਦੀ ਨੀਂਹ ਰੱਖੀ ਤਾਂ ਦੁਪਹਿਰ ਨੂੰ ਕਾਨਪੁਰ ਪੁੱਜ ਕੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਕਾਨਪੁਰ ਤੋਂ ਹੀ ਪੀ.ਐੱਮ. ਨੇ ਆਗਰਾ ਮੈਟਰੋ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਅਤੇ ਲਖਨਊ ਮੈਟਰੋ ਰੇਲ ਦੇ ਸੈਕਿੰਡ ਫੇਜ਼ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਹੁਣ ਚੌਧਰੀ ਚਰਨ ਸਿੰਘ ਏਅਰਪੋਰਟ ਤੋਂ ਮੁੰਸ਼ੀ ਪੁਲੀਆ ਲਈ ਮੈਟਰੋ ਸੇਵਾ ਦੀ ਸ਼ੁਰੂਆਤ ਹੋ ਗਈ ਹੈ। ਆਮ ਲੋਕਾਂ ਲਈ 9 ਮਾਰਚ ਤੋਂ ਸੇਵਾ ਦੀ ਸ਼ੁਰੂਆਤ ਹੋਵੇਗੀ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਨਾਥ ਨੇ ਪੀ.ਐੱਮ. ਦੀ ਸ਼ਾਇਰਾਨਾ ਅੰਦਾਜ ‘ਚ ਤਾਰੀਫ ਕਰਦੇ ਹੋਏ ਕਿਹਾ,”ਮੋਦੀ ਹਨ ਤਾਂ ਮੁਮਕਿਨ ਹੈ।”
ਪੀ.ਐੱਮ. ਮੋਦੀ ਨੇ ਕਾਨਪੁਰ ਦੇ ਨਿਰਾਲਾ ਨਗਰ ਰੇਲਵੇ ਗਰਾਊਂਡ ‘ਚ 72 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ। ਇਸ ਤੋਂ ਇਲਾਵਾ ਕਾਨਪੁਰ ‘ਚ ਪਨਕੀ ਪਾਵਰ ਹਾਊਸ ਦਾ ਉਦਘਾਟਨ ਕੀਤਾ। ਇੱਥੇ 660 ਮੈਗਾਵਾਟ ਦੀ ਨਵੀਂ ਯੂਨਿਟ ਸਥਾਪਤ ਹੋਣੀ ਹੈ। ਜ਼ਿਕਰਯੋਗ ਹੈ ਕਿ ਆਮ ਚੋਣਾਂ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੀ.ਐੱਮ. ਮੋਦੀ ਯੂ.ਪੀ. ਦੇ ਤੂਫਾਨੀ ਦੌਰ ‘ਤੇ ਹਨ। ਇਕ ਦਿਨ ‘ਚ ਹੀ ਯੋਗੀ ਨੇ ਇੱਥੇ ਕਈ ਅਹਿਮ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤਾਂ ਕਈ ਜ਼ਰੂਰੀ ਸੌਗਾਤਾਂ ਵੀ ਯੂ.ਪੀ. ਦੇ ਲੋਕਾਂ ਨੂੰ ਦਿੱਤੀਆਂ। ਇਸ ਮੌਕੇ ਨਰਿੰਦਰ ਮੋਦੀ ਅਤੇ ਯੂ.ਪੀ. ਸਰਕਾਰ ਦੀਆਂ ਯੋਜਨਾਵਾਂ ਨੂੰ ਗਿਣਾਉਂਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਪੀ.ਐੱਮ ਦੀ ਜੰਮ ਕੇ ਤਾਰੀਫ ਵੀ ਕੀਤੀ।