ਸੈਨੀਟੇਸ਼ਨ ਵਿੱਚ ਪੰਜਾਬ ਨੂੰ ਉੱਤਮ ਰਾਜ ਐਲਾਨਿਆ
ਸਮੁੱਚੇ ਉੱਤਰੀ ਭਾਰਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ
ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਸਵੱਛ ਭਾਰਤ ਸਰਵੇਖਣ-2019 ਵਿੱਚ ਵਿਸ਼ੇਸ਼ ਸਨਮਾਨ ਦੀ ਪ੍ਰਾਪਤੀ ਲਈ ਵਿਭਾਗ ਦੀ ਪ੍ਰਸੰਸ਼ਾ ਕੀਤੀ ਹੈ। ਜ਼ਿਕਰਯੋਗ ਹੈ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲੇ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਵਿਸ਼ਵ ਵਿੱਚ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਸਰਵੇਖਣ ਦਾ ਆਯੋਜਨ ਕੀਤਾ ਗਿਆ। ਇਸ ਸਰਵੇਖਣ ਵਿੱਚ ਪੰਜਾਬ ਨੂੰ ‘ਸਸਟੇਨਏਬਲ ਸੈਨੀਟੇਸ਼ਨ’ ਵੱਲ ਆਪਣੀਆਂ ਪ੍ਰਗਤੀਸ਼ੀਲ ਪਹਿਲਕਦਮੀਆਂ ਲਈ ਸੈਨੀਟੇਸ਼ਨ ਵਿੱਚ ਸਮੂਹ ਰਾਜਾਂ ਵਿੱਚੋਂ ਉੱਤਮ ਰਾਜ ਐਲਾਨਿਆ ਗਿਆ ਅਤੇ ”ਬੈਸਟ ਪਰਫਾਰਮਿੰਗ ਸਟੇਟ ਇਨ ਸੈਨੀਟੇਸ਼ਨ” ਐਵਾਰਡ ਨਾਲ ਨਿਵਾਜ਼ਿਆ ਗਿਆ।
6 ਮਾਰਚ, 2019 ਨੂੰ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵੱਲੋਂ ਨਤੀਜਿਆਂ ਦੀ ਘੋਸ਼ਣਾ ਕੀਤੀ ਗਈ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਵਿਗਿਆਨ ਭਵਨ, ਦਿੱਲੀ ਵਿਖੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਰਵੇਖਣ ਵਿੱਚ ਦੇਸ਼ ਭਰ ਵਿੱਚੋਂ 4237 ਸ਼ਹਿਰੀ ਸਥਾਨਕ ਇਕਾਈਆਂ ਨੂੰ ਕਵਰ ਕੀਤਾ ਗਿਆ। ਸਵੱਛ ਭਾਰਤ ਸਰਵੇਖਣ-2018 ਵਿੱਚ ਚੰਗੇ ਨਤੀਜੇ ਹਾਸਲ ਕਰਨ ਤੋਂ ਬਾਅਦ, ਪੂਰੇ ਰਾਜ ਨੂੰ ਇੱਕ ਸਮਾਨ ਪੱਧਰ ‘ਤੇ ਲਿਆਉਣ ਲਈ ਸੰਪੂਰਨ ਪਹੁੰਚ ਦੇ ਨਾਲ ਕੰਮ ਕਰਨ ਦਾ ਪ੍ਰਣ ਲਿਆ ਗਿਆ ਸੀ। ਨਤੀਜੇ ਵਜੋਂ ਸਮੂਹ 167 ਸ਼ਹਿਰ ਖੁੱਲ੍ਹੇ ਵਿੱਚ ਸੌਚ ਮੁਕਤ ਐਲਾਨੇ ਗਏ ਅਤੇ ਕੋਈ ਵੀ ਰੀਸਰਟੀਫਿਕੇਸ਼ਨ ਵਿੱਚ ਅਸਫ਼ਲ ਨਹੀਂ ਹੋਇਆ ਅਤੇ ਇੱਕ ਸ਼ਹਿਰ ਨੂੰ ਓ.ਡੀ.ਐਫ. ਪਲੱਸ ਅਤੇ ਦੋ ਸ਼ਹਿਰਾਂ ਨੂੰ ਓ.ਡੀ.ਐਫ. ਪਲੱਸ-ਪਲੱਸ ਮਿਲਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਕੁੱਲ ਮਿਲਾ ਕੇ ਪੰਜਾਬ ਰਾਜ ਨੇ ਉੱਤਰੀ ਭਾਰਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੇਸ਼ ਭਰ ਵਿੱਚੋਂ ਪਿਛਲੇ ਸਾਲ ਦੇ 9ਵੇਂ ਸਥਾਨ ਦੇ ਮੁਕਾਬਲੇ 7ਵਾਂ ਸਥਾਨ ਹਾਸਲ ਕੀਤਾ। ਸਵੱਛ ਸਰਵੇਖਣ-2017 ਵਿੱਚ ਪਿਛਲੇ 10 ਸੂਬਿਆਂ ਵਿੱਚੋਂ ਅੱਗੇ ਆਉਂਦਿਆਂ ਸਵੱਛ ਸਰਵੇਖਣ-2018 ਵਿੱਚ 9ਵਾਂ ਸਥਾਨ ਹਾਸਲ ਕੀਤਾ। ਇਸ ਵਾਰ ਸੂਬੇ ਨੇ ਆਪਣੀ ਰੈਂਕਿੰਗ ਵਿੱਚ ਹੋਰ ਸੁਧਾਰ ਕਰਦਿਆਂ 7ਵਾਂ ਸਥਾਨ ਹਾਸਲ ਕੀਤਾ ਹੈ।
ਇਸ ਬਾਰੇ ਹੋਰ ਦੱਸਦਿਆਂ ਬੁਲਾਰੇ ਨੇ ਕਿਹਾ ਕਿ 1 ਲੱਖ ਤੋਂ ਘੱਟ ਜਨਸੰਖਿਆ ਵਾਲੀ ਸ਼੍ਰੇਣੀ ਵਿੱਚ ਨਗਰ ਨਿਗਮ ਨਵਾਂਸ਼ਹਿਰ ਨੂੰ ਉੱਤਰੀ ਖੇਤਰ ਵਿੱਚ 1020 ਸ਼ਹਿਰੀ ਸਥਾਨਕ ਇਕਾਈਆਂ ਵਿੱਚੋਂ ਸਭ ਤੋਂ ਸਾਫ਼ ਸ਼ਹਿਰ ਐਲਾਨਿਆ ਗਿਆ ਹੈ। ਇਸਨੂੰ ਕੂੜਾ-ਕਰਕਟ ਮੁਕਤ ਸ਼ਹਿਰ ਨਵਾਂਸ਼ਹਿਰ (3 ਸਟਾਰ) ਲਈ ਵੀ ਪੁਰਸਕਾਰ ਮਿਲਿਆ। ਉਪਰੋਕਤ ਤੋਂ ਇਲਾਵਾ, 2 ਯੂ.ਐਲ.ਬੀਜ਼. ਦਿੜ੍ਹਬਾਜ਼ ਨੂੰ ਉੱਤਰੀ ਜ਼ੋਨ ਅਤੇ ਯੂ.ਐਲ.ਬੀ. ਵਿੱਚ ਫਾਸਟੈਸਟ ਮੂਵਿੰਗ ਸਿਟੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ। ‘ਦਿ ਅੰਮ੍ਰਿਤਸਰ ਕੰਟੋਨਮੈਂਟ ਬੋਰਡ’ ਨੂੰ ‘ਫਾਸਟੈਸਟ ਮੂਵਰ ਕੰਟੋਨਮੈਂਟ ਬੋਰਡ’ ਦਾ ਪੁਰਸਕਾਰ ਮਿਲਿਆ ਹੈ। ਜ਼ੀਰਾ, ਖਰੜ, ਭੋਗਪੁਰ, ਜਲੰਧਰ ਕੈਂਟ, ਭਾਈਰੂਪਾ, ਰੂਪਨਗਰ ਨਾਮੀ 6 ਸ਼ਹਿਰਾਂ ਨੂੰ ਵਿÎਭਿੰਨ ਜਨਸੰਖਿਆ ਸ਼ੇਣੀਆਂ ਵਿੱਚ ਸਨਮਾਨਿਤ ਕੀਤਾ ਗਿਆ ਹੈ।
1 ਲੱਖ ਤੋਂ ਵੱਧ ਜਨਸੰਖਿਆ ਵਾਲੀ ਸ਼੍ਰੇਣੀ ਵਿੱਚ ਬਠਿੰਡਾ ਅਤੇ ਪਟਿਆਲਾ ਨੇ 425 ਸ਼ਹਿਰਾਂ ਵਿੱਚੋਂ ਕ੍ਰਮਵਾਰ 31ਵਾਂ ਅਤੇ 72ਵਾਂ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਅਬੋਹਰ, ਮੋਗਾ, ਬਰਨਾਲਾ, ਮੁਕਤਸਰ ਅਤੇ ਬਟਾਲਾ ਨੇ ਸਵੱਛ ਸਰਵੇਖਣ-2018 ਵਿੱਚ ਆਪਣੀ ਰੈਂਕਿੰਗ ਵਿੱਚ ਕਾਫ਼ੀ ਸੁਧਾਰ ਕੀਤਾ ਹੈ। ਉੱਤਰੀ ਜ਼ੋਨ ਵਿੱਚ 1 ਲੱਖ ਤੋਂ ਹੇਠਾਂ ਦੀ ਜਨਸੰਖਿਆ ਵਾਲੀਆਂ 1020 ਸ਼ਹਿਰੀ ਸਥਾਨਕ ਇਕਾਈਆਂ ਵਿੱਚੋਂ, ਪੰਜਾਬ ਦੀਆਂ 32 ਸ਼ਹਿਰੀ ਸਥਾਨਕ ਇਕਾਈਆਂ ਟੌਪ 100 ਰੈਂਕਿੰਗ ਵਿੱਚ ਹਨ।
ਪੰਜਾਬ ਨੂੰ ਇਹ ਸਥਾਨ ਲਗਭਗ 1 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਜਨ ਜਾਗਰੂਕਤਾ ਅਤੇ ਕਮਿਉਨਟੀ ਮੋਬੀਲਾਈਜੇਸ਼ਨ ਮੁਹਿੰਮ ਕਾਰਨ ਮਿਲਿਆ ਹੈ। ਵਿਗਿਆਨਿਕ ਢੰਗ ਨਾਲ ਠੋਸ ਰਹਿੰਦ-ਖੂੰਹਦ ਪ੍ਰਬੰਧਨ ਲਈ ਮਿਉਂਸਿਪਲ ਸਟਾਫ਼ ਅਤੇ ਹੋਰਨਾਂ ਭਾਈਵਾਲਾਂ ਦੀ ਸਮਰੱਥਾ ਨਿਰਮਾਣ ਸਫ਼ਾਈ ਲਈ ਧਿਆਨ ਕੇਂਦਰਿਤ ਕਰਨ ਦਾ ਹੋਰ ਖੇਤਰ ਹੈ।
ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਪੰਜਾਬ ਦੇ ਲੋਕਾਂ ਨੂੰ ਜਾਂਦਾ ਹੈ ਜਿਨ੍ਹਾਂ ਨੂੰ ਬੈਸਟ ਪ੍ਰੈਕਟਿਸਿਜ਼ ਅਪਣਾਉਣ ਲਈ ਸੂਬੇ ਦੀ ਉੱਚ ਰਾਜਨੀਤਿਕ ਲੀਡਰਸ਼ਿਪ ਦਾ ਸਮਰਥਨ ਹਾਸਲ ਹੈ।