ਮੰਗਲੁਰੂ— ਕਰਨਾਟਕ ਦੇ ਮੰਗਲੁਰੂ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਤਵਾਦੀਆਂ ਖਿਲਾਫ ਏਅਰ ਸਟਰਾਈਕ ਬਾਰੇ ਇਕ ਨਵੀਂ ਜਾਣਕਾਰੀ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਗ੍ਰਹਿ ਮੰਤਰੀ ਨੇ ਦੱਸਿਆ ਕਿ ਪਿਛਲੇ 5 ਸਾਲਾਂ ‘ਚ ਭਾਰਤੀ ਫੌਜ ਨੇ ਤਿੰਨ ਵਾਰ ਸਰਹੱਦ ਪਾਰ ਜਾ ਕੇ ਏਅਰ ਸਟਰਾਈਕ ਕਰ ਕੇ ਕਾਮਯਾਬੀ ਹਾਸਲ ਕੀਤੀ ਹੈ। ਇਸ ਦੌਰਾਨ ਰਾਜਨਾਥ ਨੇ ਸਾਫ਼ ਕੀਤਾ ਕਿ ਉਹ 2 ਏਅਰ ਸਟਰਾਈਕ ਦੀ ਜਾਣਕਾਰੀ ਤਾਂ ਦੇਣਗੇ ਪਰ ਤੀਜੀ ਸਟਰਾਈਕ ਬਾਰੇ ਕੁਝ ਨਹੀਂ ਦੱਸਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੀ ਸਰਹੱਦ ‘ਚ ਆ ਕੇ ਅੱਤਵਾਦੀਆਂ ਦੇ ਖਿਲਾਫ ਏਅਰ ਸਟਰਾਈਕ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਸੀ। ਇਸ ਦੇ ਬਾਅਦ ਤੋਂ ਹੀ ਅੱਤਵਾਦੀ ਬੌਖਲਾਏ ਹੋਏ ਹਨ। ਇਸ ਦਾ ਨਤੀਜਾ ਇਹ ਹੈ ਕਿ ਜੰਮੂ-ਕਸ਼ਮੀਰ ‘ਚ ਲਗਾਤਾਰ ਅੱਤਵਾਦੀਆਂ ਵਲੋਂ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉੱਥੇ ਹੀ ਪਾਕਿਸਤਾਨ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਦੂਜੇ ਪਾਸੇ ਕੇਂਦਰੀ ਮੰਤਰੀ ਨੇ ਸ਼ਨੀਵਾਰ ਨੂੰ ਪੁਲਵਾਮਾ ਅੱਤਵਾਦੀ ਹਮਲੇ ਦੇ ਬਹਾਨੇ ਫੌਜ ਦੀ ਵੀਰਤਾ ਦੀ ਸ਼ਲਾਘਾ ਕੀਤੀ। ਰਾਜਨਾਥ ਨੇ ਇਹ ਦੱਸ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਭਾਰਤ ਨੇ ਤਿੰਨ ਏਅਰ ਸਟਰਾਈਕ ‘ਚ ਸਫ਼ਲਤਾ ਪਾਈ ਹੈ। ਰਾਜਨਾਥ ਨੇ ਕਿਹਾ,”ਪਿਛਲੇ 5 ਸਾਲਾਂ ‘ਚ ਅਸੀਂ ਤਿੰਨ ਵਾਰ ਆਪਣੀ ਸਰਹੱਦ ਦੇ ਬਾਹਰ ਜਾ ਕੇ ਏਅਰ ਸਟਰਾਈਕ ਕਰ ਕੇ ਕਾਮਯਾਬੀ ਹਾਸਲ ਕੀਤੀ ਹੈ। 2 ਦੀ ਜਾਣਕਾਰੀ ਦੇਵਾਂਗਾ ਪਰ ਤੀਜੀ ਦੀ ਨਹੀਂ ਦੇਵਾਂਗਾ।”