ਰੋਪੜ — ਰਾਜਨੀਤੀ ਕਰਦੇ ਹੋਏ ਅਕਸਰ ਲੋਕ ਭਾਸ਼ਾ ਦੀ ਮਰਿਆਦਾ ਭੁੱਲ ਜਾਂਦੇ ਹਨ ਅਤੇ ਕੁਝ ਨਾ ਕੁਝ ਗਲਤ ਬੋਲ ਦਿੰਦੇ ਹਨ, ਅਜਿਹਾ ਹੀ ਇਕ ਮਾਮਲਾ ਸੰਸਦ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਸ਼ਣ ਦੌਰਾਨ ਵੀ ਦੇਖਣ ਨੂੰ ਮਿਲਿਆ, ਜਦੋਂ ਪ੍ਰੈਫਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸੀ ਪਾਰਟੀ ਨੂੰ ‘ਜਾਨਵਰ’ ਕਹਿ ਕੇ ਸੰਬੋਧਨ ਕਰ ਦਿੱਤਾ। ਦਰਅਸਲ ਰੋਪੜ ‘ਚ ਬੀਤੀ ਦੇਰ ਸ਼ਾਮ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਇਸ ਵਾਰ ਫਿਰ ਕੇਂਦਰ ‘ਚ ਭਾਜਪਾ ਦੀ ਸਰਕਾਰ ਬਣਾ ਦਿੱਤੀ ਗਈ ਅਤੇ ਨਰਿੰਦਰ ਮੋਦੀ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਤਾਂ ਫਿਰ ਉਸ ਤੋਂ ਬਾਅਦ ਹਿੰਦੋਸਤਾਨ ‘ਚ ਕਦੇ ਕਾਂਗਰਸ ਨਾਂ ਦਾ ‘ਜਾਨਵਰ’ ਦੇਖਣ ਨੂੰ ਨਹੀਂ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਕਾਂਗਰਸ ਨੂੰ ਆੜੇ ਹੱਥੀਂ ਲੈਣਗੇ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਤਾਂ ਪ੍ਰਧਾਨ ਮੰਤਰੀ ਦੇਸ਼ ਨੂੰ ਸੰਭਾਲਣ ‘ਚ ਲੱਗੇ ਹੋਏ ਸਨ ਅਤੇ ਹੁਣ ਦੇਸ਼ ਸੰਭਲ ਚੁੱਕਾ ਹੈ ਅਤੇ ਉਸ ਤੋਂ ਬਾਅਦ ਤਾਂ ਹੁਣ ਸਿਰਫ ਕਾਂਗਰਸ ਪਾਰਟੀ ਨੂੰ ਰਗੜੇ ਲਗਾਉਣ ਦਾ ਸਮਾਂ ਆਵੇਗਾ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਤੰਜ ਕੱਸਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਲੋਕ ਇਹ ਵੀ ਕਹਿੰਦੇ ਹਨ ਕਿ ਨਰਿੰਦਰ ਮੋਦੀ ਨੇ ਕੈਪਟਨ ‘ਤੇ ਦਬਾਅ ਪਾ ਕੇ ਪਾਕਿਸਤਾਨ ‘ਚ ਫੜੇ ਗਏ ਭਾਰਤੀ ਪਾਇਲਟ ਅਭਿਨੰਦਨ ਨੂੰ ਵਾਪਸ ਬੁਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਮੋਦੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਆਪਣੀ ਮਿੱਤਰ ਆਰੂਸਾ ਨੂੰ ਪਾਕਿਸਤਾਨ ਵਾਪਸ ਭੇਜ ਦੇਵੇ ਅਤੇ ਉਸ ਦੇ ਬਦਲੇ ਅਭਿਨੰਦਨ ਨੂੰ ਉਥੋਂ ਵਾਪਸ ਬੁਲਾ ਲਿਆ ਜਾਵੇ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਨੇ ਤਾਂ ਆਪਣੀ ਪਤਨੀ ਮਹਾਰਾਣੀ ਪਰਨੀਤ ਕੌਰ ਦੇ ਕਹਿਣ ‘ਤੇ ਵੀ ਆਪਣੇ ਮਿੱਤਰ ਆਰੂਸਾ ਆਲਮ ਨੂੰ ਨਹੀਂ ਛੱਡਿਆ।