ਨਵੀਂ ਦਿੱਲੀ— 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਹਵਾਈ ਫੌਜ ਵਲੋਂ ਏਅਰ ਸਟ੍ਰਾਈਕ ਕੀਤੀ ਗਈ। ਇਸ ਸਟ੍ਰਾਈਕ ਤੋਂ ਬਾਅਦ ਕਾਂਗਰਸ ਸਮੇਤ ਵਿਰੋਧੀ ਦਲ ਕੇਂਦਰ ਸਰਕਾਰ ਤੋਂ ਹਮਲੇ ਦੇ ਸਬੂਤ ਮੰਗ ਰਹੇ ਹਨ। ਇਸ ਦਰਮਿਆਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਬੂਤ ਮੰਗਣ ਵਾਲਿਆਂ ‘ਤੇ ਨਿਸ਼ਾਨਾ ਵਿੰਨ੍ਹਿਆ। ਜੇਤਲੀ ਨੇ ਕਿਹਾ ਕਿ ਜਦੋਂ ਅਮਰੀਕਾ ਨੇ ਓਸਾਮਾ ਬਿਨ ਲਾਦੇਨ ਨੂੰ ਮਾਰਿਆ ਸੀ ਤਾਂ ਉਸ ਨੇ ਆਪਣੇ ਮਿਲਟਰੀ ਆਪਰੇਸ਼ਨ ਦੇ ਡਿਟੇਲ ਨਹੀਂ ਦਿੱਤੇ ਸਨ। ਕੀ ਅਸੀਂ ਸਬੂਤ ਦੇ ਕੇ ਆਪਣੇ ਫੌਜੀਆਂ ਨੂੰ ਮਰਵਾ ਦੇਈਏ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਲਾਂ ਅਤੇ ਨੇਤਾਵਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਥਿਆਰਬੰਦ ਫੋਰਸ ਦੀ ਕਾਰਵਾਈ ਦਾ ਬਿਓਰਾ ਕਦੇ ਨਹੀਂ ਸਾਂਝਾ ਨਹੀਂ ਕੀਤਾ ਜਾਂਦਾ। ਦੁਨੀਆ ਵਿਚ ਕਿਤੇ ਵੀ ਫੌਜ ਜਾਂ ਹਵਾਈ ਫੌਜ ਨੇ ਆਪਣੀ ਕਾਰਵਾਈ ਦਾ ਵਿਸਥਾਰਪੂਰਵਕ ਬਿਓਰਾ ਜਨਤਕ ਨਹੀਂ ਕੀਤਾ ਹੈ।
ਜੇਤਲੀ ਨੇ ਅੱਗੇ ਕਿਹਾ ਕਿ ਸਾਰਿਆਂ ਨੂੰ ਫੌਜ ਦੀ ਕਾਰਵਾਈ ‘ਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਹਵਾਈ ਫੌਜ ਆਪਣਾ ਮਿਸ਼ਨ ਪੂਰਾ ਕਰਨ ਗਈ ਸੀ, ਅੱਤਵਾਦੀਆਂ ਦੀਆਂ ਲਾਸ਼ਾਂ ਗਿਣਨ ਨਹੀਂ। ਇੱਥੇ ਦੱਸ ਦੇਈਏ ਕਿ ਏਅਰ ਸਟ੍ਰਾਈਕ ਤੋਂ ਬਾਅਦ ਹੀ ਵਿਰੋਧੀ ਧਿਰ ਫੌਜ ਦੀ ਕਾਰਵਾਈ ਦਾ ਸਬੂਤ ਮੰਗ ਰਹੀ ਹੈ। ਕਾਂਗਰਸ ਨੇ ਤਾਂ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਤਕ ਦੱਸਣ ਨੂੰ ਕਿਹਾ। ਹਾਲਾਂਕਿ ਹਵਾਈ ਫੌਜ ਇਹ ਗੱਲ ਸਾਫ ਕਰ ਚੁੱਕੀ ਹੈ ਕਿ ਜੇਕਰ ਭਾਰਤ ਨੇ ਕਾਰਵਾਈ ਨਾ ਕੀਤੀ ਹੁੰਦੀ ਅਤੇ ਪਾਕਿਸਤਾਨ ਨੂੰ ਨੁਕਸਾਨ ਨਾ ਹੋਇਆ ਹੁੰਦਾ ਤਾਂ ਉਹ ਜਵਾਬੀ ਹਵਾਈ ਉਲੰਘਣ ਕਦੇ ਨਹੀਂ ਕਰਦਾ ਅਤੇ ਨਾ ਹੀ ਇੰਨਾ ਬੌਖਲਾਹਟ ‘ਚ ਹੁੰਦਾ।