ਚੰਡੀਗੜ੍ਹ – ਪਟਿਆਲਾ ਵਿਖੇ ਪ੍ਰਦਰਸ਼ਨ ਕਰ ਰਹੀਆਂ ਨਰਸਾਂ ਦੇ ਮੁੱਦੇ ‘ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਮਗਰਮੱਛ ਦੇ ਹੰਝੂ ਵਹਾਉਣ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਸੰਘਰਸ਼ਕਾਰੀਆਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਵਾਲਾ ਕਰਾਰ ਦਿੱਤਾ ਹੈ।
‘ਆਪ’ ਵੱਲੋਂ ਜਾਰੀ ਬਿਆਨ ਵਿਚ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮਜੀਠੀਆ ਪਹਿਲਾਂ ਆਪਣੀ 10 ਸਾਲ ਦੀ ਸਰਕਾਰ ਦੌਰਾਨ ਕੀਤੀਆਂ ਵਧੀਕੀਆਂ ਦਾ ਹਿਸਾਬ ਦੇਣ ਉਨ੍ਹਾਂ ਕਿਹਾ ਕਿ ਨਰਸਾਂ ਅਧਿਆਪਕਾਂ ਅਤੇ ਹੋਰ ਵਰਗਾਂ ਉੱਤੇ ਅੱਤਿਆਚਾਰ ਕਰਨ ਦੇ ਮਾਮਲੇ ਵਿੱਚ ਕਾਂਗਰਸੀ ਅਤੇ ਅਕਾਲੀ ਇੱਕੋ ਜਿਹੇ ਹਨ।
ਹੇਅਰ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਵੀ ਕਰਮਚਾਰੀਆਂ ਅਤੇ ਨੌਜਵਾਨਾਂ ਨਾਲ ਇਸ ਤਰ੍ਹਾਂ ਦਾ ਹੀ ਸਲੂਕ ਕੀਤਾ ਜਾਂਦਾ ਸੀ, ਫ਼ਰਕ ਸਿਰਫ਼ ਏਨਾ ਹੈ ਕਿ ਉਸ ਸਮੇਂ ਕਰਮਚਾਰੀ ਧਰਨੇ ਲਾਉਣ ਲਈ ਬਠਿੰਡਾ ਜਾਂਦੇ ਸਨ ਅਤੇ ਹੁਣ ਪਟਿਆਲਾ ਆਉਂਦੇ ਹਨ। ਮੀਤ ਹੇਅਰ ਨੇ ਕਿਹਾ ਕਿ ਮਜੀਠੀਆ ਯਾਦ ਕਰ ਕੇ ਅਕਾਲੀ ਸਰਕਾਰ ਸਮੇਂ ਕਿਸ ਤਰ੍ਹਾਂ ਉਸ ਸਮੇਂ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮਹਿਲਾ ਅਧਿਆਪਕ ਥੱਪੜ ਮਾਰੇ ਸਨ। ਉਨ੍ਹਾਂ ਕਿਹਾ ਕਿ ਮਜੀਠੀਆ ਨਾ ਭੁੱਲਣ ਕਿ ਉਸ ਦੇ ਪਾਲੇ ਗੁੰਡਿਆਂ ਨੇ ਹੀ ਅੰਮ੍ਰਿਤਸਰ ਵਿੱਚ ਪੁਲਿਸ ਦੇ ਏਐੱਸਆਈ ਨੂੰ ਗੋਲੀਆਂ ਮਾਰ ਕੇ ‘ਮਜੀਠੀਆ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਸਨ।
ਹੇਅਰ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਹੀ ਮਜੀਠੀਆ ਦੀ ਸਰਪ੍ਰਸਤੀ ‘ਚ ਨਸ਼ਾ, ਟਰਾਂਸਪੋਰਟ, ਰੇਤ ਅਤੇ ਹੋਰ ਮਾਫ਼ੀਆ ਤੇਜ਼ੀ ਨਾਲ ਫੈਲਿਆ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਸੂਬੇ ਦੇ ਲੋਕਾਂ ਦਾ ਸਭ ਤੋਂ ਵੱਡਾ ਗੁਨਾਹਗਾਰ ਹੈ ਅਤੇ ਚੋਣਾਂ ਨੇੜੇ ਦੇਖ ਕੇ ਫੋਕੀ ਹਮਦਰਦੀ ਵਿਖਾ ਕੇ ਨੌਜਵਾਨਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਮਜੀਠੀਆ ਵੱਲੋਂ ਸੂਬੇ ਦੇ ਸਾਰੇ ਸਰੋਤਾਂ ਉੱਤੇ ਕਬਜ਼ਾ ਕਰਨ ਦੇ ਕਾਰਨ ਹੀ ਨੌਜਵਾਨਾਂ ਅੱਜ ਬੇਰੁਜ਼ਗਾਰ ਹਨ।
ਹੇਅਰ ਨੇ ਕਿਹਾ ਕਿ ਸੂਬੇ ਦੇ ਲੋਕ ਅਕਾਲੀਆਂ ਦੀ ਗੁੰਡਾਗਰਦੀ ਅਜੇ ਭੁੱਲੇ ਨਹੀਂ ਹਨ ਅਤੇ ਕਾਂਗਰਸ ਸਰਕਾਰ ਵੀ ਉਸੇ ਰਾਹ ‘ਤੇ ਚੱਲ ਕੇ ਲੋਕਾਂ ਦਾ ਜੀਣਾ ਦੂਬਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਆਵਾਜ਼ ਹਾਕਮਾਂ ਤੱਕ ਪਹੁੰਚਾਉਂਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਕਾਰਜ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਕਾਲੀਆਂ ਅਤੇ ਕਾਂਗਰਸੀਆਂ ਦੇ ਕਾਲੇ ਕਾਰਨਾਮਿਆਂ ਦਾ ਚਿੱਠਾ ਖੋਲ੍ਹਿਆ ਜਾਵੇਗਾ। ਕਰਮਚਾਰੀ ਨੌਜਵਾਨ ਕਿਸਾਨ ਦਲਿਤ ਅਤੇ ਹੋਰ ਵਰਗਾਂ ਨੂੰ ਅਪੀਲ ਕਰਦਿਆਂ ਹੇਅਰ ਨੇ ਕਿਹਾ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਦਾ ਸਾਥ ਦੇ ਕੇ ਅਕਾਲੀ ਕਾਂਗਰਸ ਉਮੀਦਵਾਰਾਂ ਨੂੰ ਮੂੰਹ ਤੋੜ ਜਵਾਬ ਦੇਣ।