ਗੁਰਦਾਸਪੁਰ : 2019 ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਚੋਣ ਕਮਿਸ਼ਨਰ ਵਲੋਂ ਕਰ ਦਿੱਤਾ ਗਿਆ। ਚੋਣਾਂ ਦੀਆਂ ਤਰੀਕਾਂ ਦੇ ਐਲਾਨ ਹੁੰਦੇ ਹੀ ਸਾਰੇ ਪ੍ਰਸ਼ਾਸਨਿਕ ਵਿਭਾਗ ਹਰਕਤ ‘ਚ ਆ ਚੁੱਕੇ ਹਨ। ਇਸ ਦੇ ਚੱਲਦੇ ਜ਼ਿਲਾ ਗੁਰਦਾਸਪੁਰ ਦੇ ਸਾਰੀ ਪ੍ਰਸ਼ਾਸਨਿਕ ਵਿਭਾਗਾਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਵਿਪੁਲ ਉਜਵੱਲ ਦੀ ਅਗਵਾਈ ‘ਚ ਹੋਈ। ਇਸ ਮੀਟਿੰਗ ‘ਚ ਅਧਿਕਾਰੀਆਂ ਨੂੰ ਚੋਣਾਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਵਿਪੁਲ ਉਜਵੱਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਪੰਜਾਬ ‘ਚ 19 ਮਈ ਨੂੰ ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰਨਗੇ ਤੇ 23 ਮਈ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਉਨ੍ਹਾਂ ਦੱਸਿਆ ਕਿ ਜੇਕਰ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਕੁੱਲ 9 ਲੋਕ ਸਭਾ ਹਲਕੇ ਹਨ ਤੇ 15 ਲੱਖ 56 ਹਜ਼ਾਰ ਵੋਟਰ ਹਨ। ਇਥੇ ਕੁਲ 1826 ਪੋਲਿੰਗ ਬੂਥ ਹਨ, ਜਿਨ੍ਹਾਂ ‘ਚ 254 ਸੰਵੇਦਨਸ਼ੀਲ ਪੋਲਿੰਗ ਬੂਥ ਤੇ 115 ਅਤੀਸੰਵੇਦਨਸ਼ੀਲ ਹੈ। ਇਨ੍ਹਾਂ ਪੋਲਿੰਗ ਬੂਥਾਂ ਲਈ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ।