ਸ਼੍ਰੀਨਗਰ — ਕਸ਼ਮੀਰ ਘਾਟੀ ਵਿਚ 3 ਮਹੀਨੇ ਦੀਆਂ ਲੰਬੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਯਾਨੀ ਕਿ ਅੱਜ ਸਾਰੇ ਸਕੂਲ ਅਤੇ ਕਾਲਜ ਖੁੱਲ੍ਹ ਗਏ ਹਨ। ਕਸ਼ਮੀਰ ‘ਚ ਇਸ ਵਾਰ ਰਿਕਾਰਡ ਤੋੜ ਬਰਫਬਾਰੀ ਹੋਈ ਹੈ। ਤਿੰਨ ਮਹੀਨੇ ਦੀਆਂ ਲੰਬੀਆਂ ਛੁੱਟੀਆਂ ਬਿਤਾਉਣ ਤੋਂ ਬਾਅਦ ਵਿਦਿਆਰਥੀ ਵਾਪਸ ਸਕੂਲ ਜਾਣ ਲਈ ਉਤਸੁਕ ਨਜ਼ਰ ਆਏ। ਹਾਲਾਂਕਿ ਕਸ਼ਮੀਰ ਘਾਟੀ ਦੇ ਸਾਰੇ ਸਕੂਲਾਂ ਨੂੰ 4 ਮਾਰਚ ਤੋਂ ਹੀ ਖੋਲ੍ਹਿਆ ਜਾਣਾ ਸੀ ਪਰ ਖਰਾਬ ਮੌਸਮ ਦੀ ਵਜ੍ਹਾ ਕਰ ਕੇ ਛੁੱਟੀਆਂ 10 ਮਾਰਚ ਤਕ ਵਧਾ ਦਿੱਤੀਆਂ ਗਈਆਂ ਸਨ। ਲੰਬੀਆਂ ਛੁੱਟੀਆਂ ਤੋਂ ਬਾਅਦ ਬੱਚਿਆਂ ਨੂੰ ਆਪਣੇ ਸਕੂਲ ‘ਚ ਜਾਂਦੇ ਹੋਏ ਖੁਸ਼ ਦੇਖਿਆ ਗਿਆ। ਸਕੂਲਾਂ ਵਿਚ ਅਧਿਆਪਕ ਵੀ ਆਪਣੇ ਵਿਦਿਆਰਥੀਆਂ ਦਾ ਸਵਾਗਤ ਕਰਨ ਵਿਚ ਰੁੱਝੇ ਨਜ਼ਰ ਆਏ। ਇਸ ਦਰਮਿਆਨ ਬੱਚਿਆਂ ਨੇ ਆਪਣੇ ਸਕੂਲਾਂ ਵਿਚ ਮਿਲੇ ਗਰਮਜ਼ੋਸ਼ੀ ਭਰੇ ਸਵਾਗਤ ‘ਤੇ ਖੁਸ਼ੀ ਜ਼ਾਹਰ ਕੀਤੀ। ਸ਼੍ਰੀਨਗਰ ਅਤੇ ਕਸ਼ਮੀਰ ਘਾਟੀ ਵਿਚ ਬੱਸ ਸਟੈਂਡ ਤੋਂ ਬੱਚਿਆਂ ਨੂੰ ਲੈਣ ਲਈ ਸਕੂਲੀ ਬੱਸਾਂ ਅਤੇ ਵੈਨ ਨੂੰ ਅੱਜ ਘੁੰਮਦੇ ਦੇਖਿਆ ਗਿਆ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਪਿਛਲੇ ਸਾਲ ਦਸੰਬਰ ਵਿਚ ਸਰਦੀਆਂ ‘ਚ ਸਕੂਲਾਂ ਨੂੰ ਬੰਦ ਕਰ ਦਿੱਤਾ ਸੀ। ਸਾਰੀਆਂ ਸਿੱਖਿਆ ਸੰਸਥਾਵਾਂ ਆਪਣੇ ਤੈਅ ਸਮੇਂ ਵਿਚ ਮਾਰਚ ਦੇ ਪਹਿਲੇ ਹਫਤੇ ਖੁੱਲ੍ਹਣੀਆਂ ਸਨ। ਇਸ ਦਰਮਿਆਨ ਠੰਡ ਹੋਣ ਕਾਰਨ ਛੁੱਟੀਆਂ ਨੂੰ ਵਧਾ ਦਿੱਤਾ ਗਿਆ। ਕਸ਼ਮੀਰ ਘਾਟੀ ‘ਚ ਇਸ ਵਾਰ ਰਿਕਾਰਡ ਤੋੜ ਬਰਫਬਾਰੀ ਹੋਈ ਹੈ ਅਤੇ ਘਾਟੀ ਦੇ ਕਈ ਹਿੱਸਿਆਂ ਵਿਚ ਪਿਛਲੇ 3 ਮਹੀਨਿਆਂ ਦੌਰਾਨ ਤਾਪਮਾਨ ਜ਼ੀਰੋ ਤੋਂ ਹੇਠਾਂ ਰਿਹਾ।