ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਤੋਂ ਬਾਅਦ ਭਾਜਪਾ ਐਲਾਨ ਪੱਤਰ ਦੀਆਂ ਤਿਆਰੀਆਂ ‘ਚ ਜੁਟ ਗਈ ਹੈ। ਇਸ ਮਸਲੇ ‘ਤੇ ਚੋਣ ਮੈਨੀਫੈਸਟੋ ਕਮੇਟੀ ਦੀ ਇਕ ਬੈਠਕ ਬੁਲਾਈ ਗਈ। ਬੈਠਕ ਦੀ ਪ੍ਰਧਾਨਗੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਇਸ ਨੂੰ ਸੰਕਲਪ ਪੱਤਰ ਕਮੇਟੀ ਬੈਠਕ ਦਾ ਨਾਂ ਦਿੱਤਾ ਗਿਆ ਹੈ। ਭਾਜਪਾ ਨੇ ਪਹਿਲਾਂ ਹੀ ‘ਭਾਰਤ ਦੇ ਮਨ ਕੀ ਬਾਤ, ਮੋਦੀ ਕੇ ਸਾਥ’ ਨਾਂ ਨਾਲ ਇਕ ਮੁਹਿੰਮ ਸ਼ੁਰੂ ਕਰ ਕੇ ਰੱਖਿਆ ਹੈ, ਜਿਸ ਦੇ ਅਧੀਨ ਦੇਸ਼ ਭਰ ‘ਚ 10 ਕਰੋੜ ਵੋਟਰਾਂ ਤੋਂ ਸੁਝਾਅ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ ਤਾਂ ਜੋ ਉਨ੍ਹਾਂ ਸੁਝਾਵਾਂ ਨੂੰ ਧਿਆਨ ‘ਚ ਰੱਖ ਕੇ ਸੰਕਲਪ ਪੱਤਰ ਨੂੰ ਆਖਰੀ ਰੂਪ ਦਿੱਤਾ ਜਾ ਸਕੇ।
ਭਾਜਪਾ ਦੇ ਕਈ ਨੇਤਾ ਸਨ ਸ਼ਾਮਲ
ਸੋਮਵਾਰ ਨੂੰ ਵੀ ਰਾਜਨਾਥ ਸਿੰਘ ਦੇ ਘਰ ਐਲਾਨ ਪੱਤਰ ਨੂੰ ਲੈ ਕੇ ਇਕ ਬੈਠਕ ਹੋਈ ਸੀ, ਜਿਸ ‘ਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਖੇਤੀ ਮੰਤਰੀ ਰਾਧਾਮੋਹਨ ਸਿੰਘ, ਐਲਾਨ ਪੱਤਰ ਕਮੇਟੀ ਦੇ ਮੈਂਬਰ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਪੁਰੀ, ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਵੀਰੇਂਦਰ ਸਿੰਘ ਮਸਤ ਸਮੇਤ ਕਈ ਭਾਜਪਾ ਨੇਤਾ ਸ਼ਾਮਲ ਰਹੇ।
ਕਿਸਾਨ ਨੇਤਾ ਵੀ ਹੋਏ ਸ਼ਾਮਲ
ਇਸ ਬੈਠਕ ‘ਚ ਕਈ ਕਿਸਾਨ ਨੇਤਾ ਵੀ ਸ਼ਾਮਲ ਰਹੇ, ਜਿਨ੍ਹਾਂ ਨੇ ਆਪਣੀ ਗੱਲ ਐਲਾਨ ਪੱਤਰ ਕਮੇਟੀ ਦੇ ਸਾਹਮਣੇ ਰੱਖੀ। ਇਨ੍ਹਾਂ ਮੰਗਾਂ ‘ਚ ਮੁੱਖ ਤੌਰ ‘ਤੇ ਕਿਸਾਨਾਂ ਲਈ ਪੈਨਸ਼ਨ ਯੋਜਨਾ ਸ਼ੁਰੂ ਕਰਨ ਦੀ ਮੰਗ ਰਹੀ, ਜਿਸ ਨੂੰ ਸੰਕਲਪ ਪੱਤਰ ‘ਚ ਸ਼ਾਮਲ ਕਰਨ ਨੂੰ ਲੈ ਕੇ ਰਾਜਨਾਥ ਸਿੰਘ ਨੇ ਹਾਮੀ ਭਰੀ।