ਲਖਨਊ— ਉੱਤਰ ਪ੍ਰਦੇਸ਼ ਦੇ ਓਨਾਵ ਸੰਸਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਫਾਇਰਬਰਾਂਡ ਸੰਸਦ ਮੈਂਬਰ ਸਚਿਦਾਨੰਦ ਹਰੀ ਉਰਫ ਸਾਕਸ਼ੀ ਮਹਾਰਾਜ ਨੇ ਕਥਿਤ ਤੌਰ ‘ਤੇ ਪਾਰਟੀ ਦੇ ਪ੍ਰਧਾਨ ਮੈਂਬਰ ਮਹੇਂਦਰ ਨਾਥ ਪਾਂਡੇ ਨੂੰ ਪੱਤਰ ਲਿਖ ਕੇ ਧਮਕੀ ਭਰੇ ਅੰਦਾਜ ‘ਚ ਇਸੇ ਸੰਸਦੀ ਖੇਤਰ ਤੋਂ ਇਕ ਵਾਰ ਫਿਰ ਟਿਕਟ ਦੇਣ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਖਾਸ ਖੱਤ 7 ਮਾਰਚ ਨੂੰ ਲਿਖਿਆ ਗਿਆ ਹੈ। ਸਾਕਸ਼ੀ ਮਹਾਰਾਜ ਨੇ ਖੇਤਰ ‘ਚ ਜਾਤੀ ਸਮੀਕਰਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਪਿਛੜੇ ਵਰਗ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀ ਦੇ ਉਹ ਇਕਲੌਤੇ ਪ੍ਰਤੀਨਿਧੀ ਹਨ, ਜਦੋਂ ਕਿ ਸੰਸਦੀ ਖੇਤਰ ‘ਚ ਲੋਧੀ, ਕਹਾਰ, ਨਿਸ਼ਾਦ, ਕਸ਼ਯਪ ਅਤੇ ਮੱਲਾਹ ਸਮੇਤ ਹੋਰ ਪਿਛੜਾ ਵਰਗ ਦੇ ਵੋਟਰਾਂ ਦੀ ਗਿਣਤੀ ਕਰੀਬ 10 ਲੱਖ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਆਪਣੇ ਮੌਜੂਦਾ ਕਾਰਜਕਾਲ ‘ਚ ਜ਼ਿਲੇ ਦੇ ਵਿਕਾਸ ਲਈ ਕਾਫੀ ਅਹਿਮ ਕੰਮ ਕੀਤਾ ਹੈ, ਜਿਸ ਦੀ ਸਥਾਨਕ ਜਨਤਾ ਨੇ ਸ਼ਲਾਘਾ ਵੀ ਕੀਤੀ ਹੈ।
ਮੌਜੂਦਾ ਸੰਸਦ ਮੈਂਬਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਰੀਬ ਡੇਢ ਦਹਾਕੇ ਬਾਅਦ ਪਿਛਲੇ ਲੋਕ ਸਭਾ ਚੋਣਾਂ ‘ਚ ਓਨਾਵ ਤੋਂ ਪਾਰਟੀ ਨੂੰ ਜਿੱਤ ਦਿਵਾਈ ਸੀ। ਉਨ੍ਹਾਂ ਦੀ ਬਦੌਲਤ ਹੀ ਅੱਜ ਜਿਲੇ ‘ਚ ਭਾਜਪਾ ਦੇ 6 ਵਿਧਾਇਕ ਅਤੇ ਇਕ ਐੱਮ.ਐੱਲ.ਸੀ ਹੈ। ਧਮਕੀ ਭਰੇ ਅੰਦਾਜ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਜੇਕਰ ਉਨ੍ਹਾਂ ਦੇ ਸੰਬੰਧ ‘ਚ ਪਾਰਟੀ ਕੋਈ ਹੋਰ ਫੈਸਲਾ ਲੈਂਦੀ ਹੈ ਤਾਂ ਇਸ ਨਾਲ ਦੇਸ਼ ਭਰ ‘ਚ ਭਾਜਪਾ ਦੇ ਕਰੋੜਾਂ ਵਰਕਰਾਂ ਦੇ ਦੁਖੀ ਹੋਣ ਦੀ ਪੂਰੀ ਸੰਭਾਵਨਾ ਹੈ ਅਤੇ ਇਸ ਦਾ ਨਤੀਜਾ ਸੁਖਦ ਨਹੀਂ ਹੋਵੇਗਾ।