ਅਹਿਮਦਾਬਾਦ — ਪਾਟੀਦਾਰ ਕੋਟਾ (ਰਿਜ਼ਰਵੇਸ਼ਨ) ਅੰਦੋਲਨ ਨੇਤਾ ਹਾਰਦਿਕ ਪਟੇਲ ਅੱਜ ਯਾਨੀ ਕਿ ਮੰਗਲਵਾਰ ਨੂੰ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਦਰਅਸਲ ਅੱਜ ਕਾਂਗਰਸ ਦੀ 58 ਸਾਲ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਵਿਚ ਕਾਰਜ ਕਮੇਟੀ ਦੀ ਬੈਠਕ ਹੋਈ, ਜਿਸ ਵਿਚ ਲੋਕ ਸਭਾ ਚੋਣਾਂ ਲਈ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਗਿਆ। ਪ੍ਰਚਾਰ ਮੁਹਿੰਮ ਦਾ ਬਿਗੁਲ ਵਜਾਇਆ ਗਿਆ ਅਤੇ ਇਸ ਦੌਰਾਨ ਹਾਰਦਿਕ ਪਟੇਲ ਨੇ ਵੀ ਕਾਂਗਰਸ ਦਾ ਪੱਲਾ ਫੜਿਆ। ਇੱਥੇ ਦੱਸ ਦੇਈਏ ਕਿ ਚੋਣ ਕਮਿਸ਼ਨ ਨੇ 11 ਅਪ੍ਰੈਲ ਤੋਂ 19 ਮਈ ਤਕ 7 ਪੜਾਵਾਂ ਵਿਚ ਚੋਣਾਂ ਕਰਾਉਣ ਲਈ ਐਤਵਾਰ ਸ਼ਾਮ ਨੂੰ ਤਾਰੀਕਾਂ ਦਾ ਐਲਾਨ ਕੀਤਾ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।
ਦੱਸਣਯੋਗ ਹੈ ਕਿ ਹਾਰਦਿਕ ਪਟੇਲ ਨੂੰ 2015 ਦੇ ਪਾਟੀਦਾਰ ਕੋਟਾ ਅੰਦੋਲਨ ਨਾਲ ਜੁੜੇ ਇਕ ਦੰਗੇ ਦੇ ਮਾਮਲੇ ਵਿਚ ਦੋਸ਼ੀ ਠਹਿਰਾਉਂਦੇ ਹੋਏ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਹ ਦੋਸ਼ ਸਿੱਧੀ ਅਤੇ ਦੋ ਸਾਲ ਜਾਂ ਇਸ ਤੋਂ ਵਧ ਦੀ ਸਜ਼ਾ ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕਦੀ ਹੈ। ਪਟੇਲ ਨੇ ਐਤਵਾਰ ਨੂੰ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਦੇ ਆਪਣੇ ਮਕਸਦ ਨਾਲ ਉਨ੍ਹਾਂ ਨੇ 12 ਮਾਰਚ ਨੂੰ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿਚ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।