ਡੇਰਾ ਬਾਬਾ ਨਾਨਕ : ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ‘ਚ ਅਹਿਮ ਮੀਟਿੰਗ ਕੱਲ੍ਹ ਹੋਣ ਜਾ ਰਹੀ ਹੈ। ਇਸ ਦੇ ਚੱਲਦੇ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਬੀ.ਐੱਸ.ਐੱਫ. ਦੇ ਆਲਾ ਅਧਿਕਾਰੀਆਂ ਵੱਲੋਂ ਕਰਤਾਰਪੁਰ ਸਾਹਿਬ ਦਰਸ਼ਨ ਸਥਾਨ ‘ਤੇ ਮੀਟਿੰਗ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਲੈਂਡ ਪੋਸਟ ਅਥਾਰਿਟੀ ਦੇ ਅਧਿਕਾਰੀ ਅਖਿਲ ਸਖਸੈਨਾ ਨੇ ਦੱਸਿਆ ਕਿ ਭਾਰਤ ਵੱਲੋਂ ਵਿਸ਼ੇਸ਼ ਟਰਮੀਨਲ ਪੋਸਟ ਬਣਾਇਆ ਜਾਵੇਗਾ, ਜੋਕਿ ਕਰੀਬ 50 ਏਕੜ ‘ਚ ਹੋਵੇਗਾ ਜਦਕਿ ਪਹਿਲੇ ਫੇਜ਼ ‘ਚ 15 ਏਕੜ ‘ਚ ਪੋਸਟ ਬਣਾਇਆ ਜਾਵੇਗਾ ਅਤੇ ਕੰਮ 11 ਨਵੰਬਰ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਜਾਏਗਾ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮਾਰਗ ਵੀ 11 ਨਵੰਬਰ ਤੋਂ ਪਹਿਲਾਂ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਮੀਨ ਕਿਸਾਨਾਂ ਤੋਂ ਲੈਣੀ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਲਦ ਹੀ ਰਾਜ ਸਰਕਾਰ ਕਿਸਾਨਾਂ ਤੋਂ ਜ਼ਮੀਨ ਲੈ ਕੇ ਉਨ੍ਹਾਂ ਸੌਂਪੇਗੀ।