ਨਵੀਂ ਦਿੱਲੀ— ਕਾਂਗਰਸ ਨੇ ਦੇਸ਼ ‘ਚ ਬੇਰੋਜ਼ਗਾਰੀ ਦੇ ਭਿਆਨਕ ਪੱਧਰ ‘ਤੇ ਪਹੁੰਚਣ ਦਾ ਦਾਅਵਾ ਕਰਦੇ ਹੋਏ ਬੁੱਧਵਾਰ ਨੂੰ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਅਤੇ ਦੋਸ਼ ਲਗਾਇਆ ਕਿ ਮੋਦੀ ਨੌਕਰੀਆਂ ਖਤਮ ਕਰਨ ਵਾਲੇ ਪ੍ਰਧਾਨ ਮੰਤਰੀ ਹਨ। ਨਾਲ ਹੀ ਪਾਰਟੀ ਨੇ ਕਿਹਾ ਕਿ ਇਨ੍ਹਾਂ ਚੋਣਾਂ ‘ਚ ਰੋਜ਼ਗਾਰ ਹੀ ਦੇਸ਼ ਦਾ ਏਜੰਡਾ ਹੋਵੇਗਾ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ,”ਜੇਕਰ ਰੋਜ਼ਗਾਰ ਨਹੀਂ ਤਾਂ ਭਾਜਪਾ ਨੂੰ ਵੋਟ ਨਹੀਂ। 2019 ਦਾ ਇਹੀ ਮੰਤਰ ਹੈ।” ਉਨ੍ਹਾਂ ਨੇ ਦੋਸ਼ ਲਗਾਇਆ,”ਮੋਦੀ ਸਰਕਾਰ ਇਸ ਦੇਸ਼ ‘ਚ ਬੇਰੋਜ਼ਗਾਰੀ ਦਾ ਸੰਕੇਤਕ ਬਣ ਗਈ ਹੈ। ਮੋਦੀ 2 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਕਰ ਕੇ ਆਏ ਸਨ ਪਰ ਬੇਰੋਜ਼ਗਾਰੀ ਆਪਣੇ ਉੱਚ ਪੱਧਰ ‘ਤੇ ਪਹੁੰਚ ਗਈ ਹੈ।”
ਸੁਰਜੇਵਾਲਾ ਨੇ ਦਾਅਵਾ ਕੀਤਾ,”ਰੋਟੀ ਨਹੀਂ ਹੈ, ਰੋਜ਼ਗਾਰ ਨਹੀਂ ਹੈ। ਨੌਜਵਾਨ ਪੜ੍ਹੇ-ਲਿਖੇ ਹਨ ਅਤੇ ਉਹ ਅੱਗੇ ਵਧਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਮੌਕੇ ਨਹੀਂ ਮਿਲ ਰਹੇ ਹਨ। ਮੋਦੀ ਜੀ ਨੌਕਰੀਆਂ ਨੂੰ ਖਤਮ ਕਰਨ ਵਾਲੇ ਪ੍ਰਧਾਨ ਮੰਤਰੀ ਬਣ ਗਏ ਹਨ।” ਉਨ੍ਹਾਂ ਨੇ ਕਿਹਾ ਕਿ ਨੀਤੀ ਕਮਿਸ਼ਨ ਨੇ ਫਰਵਰੀ 2018 ‘ਚ ਸਵੀਕਾਰ ਕੀਤਾ ਕਿ ਰੋਜ਼ਗਾਰ ਦੀ ਸਥਿਤੀ ਠੀਕ ਨਹੀਂ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਰੇਲਵੇ ‘ਚ 90 ਹਜ਼ਾਰ ਨੌਕਰੀਆਂ ਨਿਕਲੀਆਂ ਅਤੇ 2 ਕਰੋੜ 80 ਲੱਖ ਲੋਕਾਂ ਨੇ ਅਰਜ਼ੀਆਂ ਦਿੱਤੀਆਂ। ਇਹ ਦੇਸ਼ ‘ਚ ਬੇਰੋਜ਼ਗਾਰੀ ਦੀ ਸਥਿਤੀ ਹੈ। ਉਨ੍ਹਾਂ ਨੇ ਕਿਹਾ,”ਭਾਰਤ ‘ਚ ਹਰ ਸਾਲ 1.2 ਕਰੋੜ ਨੌਕਰੀਆਂ ਦੀ ਲੋੜ ਹੈ। ਕਾਂਗਰਸ ਰੋਜ਼ਗਾਰ ਨੂੰ ਲੈ ਕੇ ਵਚਨਬੱਧ ਹੈ।” ਉਨ੍ਹਾਂ ਨੇ ਕਿਹਾ ਕਿ ਰੋਜ਼ਗਾਰ ਪੈਦਾ ਕਰਨਾ ਕਾਂਗਰਸ ਅਤੇ ਰਾਹੁਲ ਗਾਂਧੀ ਲਈ ਸਭ ਤੋਂ ਵੱਡਾ ਟੀਚਾ ਹੈ।