ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋ ਚੁਕਿਆ ਹੈ, ਇਸ ਦੇ ਨਾਲ ਹੀ ਪਾਰਟੀਆਂ ਆਪਣੀ ਰਣਨੀਤੀ ਨੂੰ ਲੈ ਕੇ ਤਿਆਰ ਹਨ। ਭਾਜਪਾ ਨੇ ਚੋਣ ਕਮਿਸ਼ਨ ਜਾ ਕੇ ਬੰਗਾਲ ‘ਚ ਹੋਣ ਵਾਲੀ ਹਿੰਸਾ ਨੂੰ ਧਿਆਨ ‘ਚ ਰੱਖਦੇ ਹੋਏ ਅਸੰਵੇਦਨਸ਼ੀਲ ਖੇਤਰ ਐਲਾਨ ਕਰਨ ਦੀ ਮੰਗ ਕੀਤੀ। ਨਾਲ ਹੀ ਰਾਹੁਲ ਗਾਂਧੀ ਦੇ ਅਹਿਮਦਾਬਾਦ ਦੌਰੇ ‘ਚ ਦਿੱਤੇ ਭਾਸ਼ਣ ‘ਚ ਪੀ.ਐੱਮ. ਮੋਦੀ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਸ਼ਿਕਾਇਤ ਕੀਤੀ। ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨਾਲ ਭਾਜਪਾ ਦੇ ਕਈ ਵੱਡੇ ਨੇਤਾਵਾਂ ਨੇ ਚੋਣ ਕਮਿਸ਼ਨ ਦਫ਼ਤਰ ਜਾ ਕੇ ਈ.ਡੀ. ਨੂੰ ਸ਼ਿਕਾਇਤ ਕੀਤੀ। ਚੋਣ ਕਮਿਸ਼ਨ ਤੋਂ ਨਿਕਲਦੇ ਹੋਏ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ,”ਬੰਗਾਲ ‘ਚ ਚੋਣਾਂ ਦੌਰਾਨ ਹੋਣ ਵਾਲੀ ਹਿੰਸਾ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਹਨ। ਬੰਗਾਲ ‘ਚ ਹੋ ਰਹੀ ਹਿੰਸਾ ਦੇ ਸ਼ੱਕ ਨੂੰ ਦੇਖਦੇ ਹੋਏ ਅਸੀਂ ਚੋਣ ਕਮਿਸ਼ਨਰ ਨੂੰ ਪੂਰੇ ਬੰਗਾਲ ਨੂੰ ਅਸੰਵੇਦਨਸ਼ੀਲ ਖੇਤਰ ਐਲਾਨ ਕਰਨ ਦੀ ਮੰਗ ਕੀਤੀ। ਸਾਰੇ ਬੂਥ ਕੇਂਦਰਾਂ ‘ਤੇ ਕੇਂਦਰੀ ਪੁਲਸ ਫੋਰਸ ਤਾਇਨਾਤ ਕਰਨ ਦੀ ਵੀ ਮੰਗ ਕੀਤੀ। ਬੰਗਾਲ ‘ਚ ਚੋਣਾਂ ਦੌਰਾਨ ਮੀਡੀਆ ‘ਤੇ ਵੀ ਪਾਬੰਦੀ ਰਹਿੰਦੀ ਹੈ। ਅਸੀਂ ਮੀਡੀਆ ਨੂੰ ਪ੍ਰਵੇਸ਼ ਮਿਲੇ, ਇਸ ਦੀ ਵੀ ਮੰਗ ਕੀਤੀ।”
ਰਾਹੁਲ ਵਿਰੁੱਧ ਕਮਿਸ਼ਨ ਨੂੰ ਨੋਟਿਸ ਲੈਣ ਦੀ ਅਪੀਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਅਹਿਮਦਾਬਾਦ ਰੈਲੀ ‘ਚ ਕਿਹਾ ਸੀ ਕਿ ਪੀ.ਐੱਮ. ਨੇ ਰਾਫੇਲ ਡੀਲ ਦੌਰਾਨ ਦੇਸ਼ ਦਾ ਪੈਸਾ ਅਨਿਲ ਅੰਬਾਨੀ ਦੇ ਜੇਬ ‘ਚ ਪਾਇਆ। ਭਾਜਪਾ ਨੇ ਇਸ ਬਿਆਨ ਦੀ ਵੀ ਸ਼ਿਕਾਇਤ ਚੋਣ ਕਮਿਸ਼ਨ ‘ਚ ਕੀਤੀ। ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ,”ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਬਾਰੇ ਜੋ ਬੋਲਿਆ, ਇੰਨਾ ਪੈਸਾ ਉਸ ਦੀ ਜੇਬ ‘ਚ ਪਾਇਆ। ਮੈਂ ਤਾਂ ਉਹ ਦੋਹਰਾ ਵੀ ਨਹੀਂ ਸਕਦਾ। ਅਸੀਂ ਇਸ ਬਿਆਨ ਦੀ ਸ਼ਿਕਾਇਤ ‘ਤੇ ਕਮਿਸ਼ਨ ਨੂੰ ਨੋਟਿਸ ਲੈਣ ਦੀ ਅਪੀਲ ਕੀਤੀ ਹੈ।”
ਰਾਹੁਲ ਗਾਂਧੀ ਨੇ ਇਹ ਵੀ ਬੋਲਿਆ
ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇਕ ਰੈਲੀ ‘ਚ ਕਿਹਾ ਸੀ,”2014 ਦੀਆਂ ਚੋਣਾਂ ‘ਚ ਮੋਦੀ ਜੀ ਨੇ ਕਿਹਾ ਸੀ ਕਿ ਚੌਕੀਦਾਰ ਬਣਾਓ, ਪੀ.ਐੱਮ. ਨਹੀਂ। ਇਹ ਦੇਖੋ ਮੈਂ ਚੌਕੀਦਾਰ ਸ਼ਬਦ ਬੋਲਿਆ ਅਤੇ ਲੋਕ ਚੋਰ ਬੋਲ ਰਹੇ ਹਨ। ਹਰ ਸਟੇਜ ਤੋਂ ਮੋਦੀ ਦੇਸ਼ਭਗਤੀ ਦੀ ਗੱਲ ਕਰਦੇ ਹਨ। ਹਵਾਈ ਫੌਜ ਦੀ ਪ੍ਰਸ਼ੰਸਾ ਕਰਦੇ ਹਨ ਪਰ ਉਹ (ਮੋਦੀ) ਦੇਸ਼ ਨੂੰ ਇਹ ਨਹੀਂ ਦੱਸਦੇ ਕਿ ਉਨ੍ਹਾਂ ਨੇ ਹਵਾਈ ਫੌਜ ਦੀ ਜੇਬ ‘ਚੋਂ 30 ਹਜ਼ਾਰ ਕਰੋੜ ਚੋਰੀ ਕਰ ਕੇ ਅਨਿਲ ਅੰਬਾਨੀ ਦੀ ਜੇਬ ‘ਚ ਕਿਉਂ ਪਾਇਆ।”