ਕੈਟਰੀਨਾ ਕੈਫ਼ ਹੁਣ ਤਕ ਐਕਸ਼ਨ, ਕੌਮੇਡੀ ਅਤੇ ਸੰਜੀਦਾ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ। ਹੁਣ ਉਹ ਕਿਸੇ ਹੌਰਰ ਫ਼ਿਲਮ ‘ਚ ਕੰਮ ਕਰਨਾ ਚਾਹੁੰਦੀ ਹੈ। ਉਸ ਦੀ ਇੱਛਾ ਹੈ ਕਿ ਉਹ ਹਰ ਤਰ੍ਹਾਂ ਦਾ ਕਿਰਦਾਰ ਪਰਦੇ ‘ਤੇ ਨਿਭਾਏ …
ਕੈਟਰੀਨਾ ਕੈਫ਼ ਹੌਰਰ ਫ਼ਿਲਮਾਂ ‘ਚ ਕੰਮ ਕਰਨਾ ਚਾਹੁੰਦੀ ਹੈ। ਕੈਟ ਇਨ੍ਹੀਂ ਦਿਨੀਂ ਸਲਮਾਨ ਖ਼ਾਨ ਨਾਲ ਫ਼ਿਲਮ ਭਾਰਤ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਜਾਣਕਾਰੀ ਮੁਤਾਬਿਕ, ਇਸ ‘ਚ ਉਹ ਇੱਕ ਸਰਕਸ ਮਾਲਕਣ ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫ਼ਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕੈਟ ਨੇ ਅਲੀ ਨਾਲ ਮੇਰੇ ਬਰਦਰ ਕੀ ਦੁਲਹਨ ਅਤੇ ਟਾਈਗਰ ਜ਼ਿੰਦਾ ਹੈ ਵਰਗੀਆਂ ਫ਼ਿਲਮਾਂ ਕੀਤੀਆਂ ਹਨ। ਕੈਟ ਤੋਂ ਜਦੋਂ ਇੱਕ ਪ੍ਰੋਗਰਾਮ ਦੌਰਾਨ ਪੁੱਛਿਆ ਗਿਆ ਕਿ ਉਸ ਨੇ ਹੁਣ ਤਕ ਕਿਸ ਤਰ੍ਹਾਂ ਦੀਆਂ ਫ਼ਿਲਮਾਂ ‘ਚ ਕੰਮ ਨਹੀਂ ਕੀਤਾ ਹੈ ਤਾਂ ਅੱਗੋਂ ਕੈਟਰੀਨਾ ਨੇ ਕਿਹਾ, ”ਮੈਂ ਅਜੇ ਤਕ ਕਿਸੇ ਹੌਰਰ ਫ਼ਿਲਮ ‘ਚ ਕੰਮ ਨਹੀਂ ਕੀਤਾ ਹੈ।”
ਉਸ ਸਮੇਂ ਕੈਟ ਨਾਲ ਹਾਜ਼ਰ ਨਿਰਦੇਸ਼ਕ ਅਲੀ ਅੱਬਾਸ ਜਫ਼ਰ ਨੇ ਕਿਹਾ ਕਿ ਉਸ ਨੇ ਕੈਟਰੀਨਾ ਲਈ ਇੱਕ ਹੌਰਰ ਫ਼ਿਲਮ ਲਿਖੀ ਹੈ ਹਾਲਾਂਕਿ ਅਲੀ ਨੇ ਇਹ ਸਭ ਮਜ਼ਾਕ ‘ਚ ਕਿਹਾ ਹੈ। ਵੈਸੇ ਕੈਟਰੀਨਾ ਦਾ ਕਹਿਣਾ ਹੈ ਕਿ ਉਹ ਹੌਰਰ ਫ਼ਿਲਮ ਜ਼ਰੂਰ ਕਰਨਾ ਚਾਹੁੰਦੀ ਹੈ ਕਿਉਂਕਿ ਉਹ ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣ ਦੀ ਇੱਛਾ ਰੱਖਦੀ ਹੈ। ਜ਼ਿਕਰਯੋਗ ਹੈ ਕਿ ਕੈਟ ਹੁਣ ਤਕ ਕੌਮੇਡੀ, ਰੁਮੈਂਟਿਕ, ਐਕਸ਼ਨ ਅਤੇ ਸੰਜੀਦਾ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।
ਕੈਟਰੀਨਾ ਆਉਣ ਵਾਲੇ ਸਮੇਂ ‘ਚ ਕਈ ਫ਼ਿਲਮਾਂ ‘ਚ ਅਹਿਮ ਭੂਮਿਕਾਵਾਂ ਨਿਭਾਉਾਂਦੀ ਨਜ਼ਰ ਆ ਸਕਦੀ ਹੈ। ਉਸ ਦੀ ਰੋਹਿਤ ਸ਼ੈੱਟੀ ਦੀ ਡਾਇਰੈਕਸ਼ਨ ‘ਚ ਬਣ ਰਹੀ ਫ਼ਿਲਮ ਸੂਰਯਾਵੰਸ਼ੀ ਲਈ ਵੀ ਗੱਲਬਾਤ ਚੱਲ ਰਹੀ ਹੈ। ਇਸ ਫ਼ਿਲਮ ‘ਚ ਅਕਸ਼ੇ ਕੁਮਾਰ ਨੂੰ ਸਾਈਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੈਟਰੀਨਾ ਸੰਨ ਔਫ਼ ਸਰਦਾਰ 2, ਰਾਜਨੀਤੀ 2 ਅਤੇ ਰਾਤ ਬਾਕੀ ਹੈ ਵਰਗੀਆਂ ਕਈ ਵੱਡੇ ਬਜਟ ਵਾਲੀਆਂ ਫ਼ਿਲਮਾਂ ‘ਚ ਵੀ ਨਜ਼ਰ ਆ ਸਕਦੀ ਹੈ।