ਸ਼੍ਰੀਨਗਰ — ਨੈਸ਼ਨਲ ਕਾਨਫਰੰਸ ਨੇ ਚੋਣ ਕਮਿਸ਼ਨ ਦੇ ਵਫਦ ਨਾਲ ਬੈਠਕ ਨਾ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਾਉਣ ਦੀ ਮੰਗ ‘ਤੇ ਆਪਣੀ ਰਾਇ ਸਾਫ ਕਰ ਚੁੱਕੀ ਹੈ ਅਤੇ ਉਸ ਕੋਲ ਇਸ ਬਾਰੇ ਅੱਗੇ ਕੁਝ ਬੋਲਣ ਲਈ ਨਹੀਂ ਹੈ। ਇੱਥੇ ਦੱਸ ਦੇਈਏ ਕਿ ਚੋਣ ਕਮਿਸ਼ਨ ਵਲੋਂ ਨਿਯੁਕਤ 3 ਵਿਸ਼ੇਸ਼ ਆਬਜ਼ਰਵਰ ਵੀਰਵਾਰ ਨੂੰ ਸ਼੍ਰੀਨਗਰ ਵਿਚ ਵਿਧਾਨ ਸਭਾ ਚੋਣਾਂ ਕਰਾਉਣ ਲਈ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਗੇ। ਆਪਣੇ ਦੋ ਦਿਨਾਂ ਦੌਰੇ ਦੌਰਾਨ ਉਹ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਅਤੇ ਜ਼ਿਲਾ ਚੋਣ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਨਗੇ।
ਪਾਰਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਅੱਜ ਚੋਣ ਕਮਿਸ਼ਨ ਦੇ ਆਬਜ਼ਰਵਰਾਂ ਦਾ ਸ਼੍ਰੀਨਗਰ ਦੌਰੇ ਦੇ ਮੱਦੇਨਜ਼ਰ ਨੈਸ਼ਨਲ ਕਾਨਫਰੰਸ ਨੇ ਚੋਣ ਕਮਿਸ਼ਨ ਦੇ ਵਫਦ ਨੂੰ ਨਾ ਮਿਲਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਪਹਿਲਾਂ ਹੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਾਉਣ ‘ਤੇ ਆਪਣੀ ਰਾਇ ਸਾਫ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਵਿਚ 5 ਪੜਾਵਾਂ ਵਿਚ ਲੋਕ ਸਭਾ ਚੋਣਾਂ ਹੋਣਗੀਆਂ ਪਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੁਚਿੱਤੀ ਬਰਕਰਾਰ ਹੈ। ਇੱਥੇ ਵਿਧਾਨ ਸਭਾ ਭੰਗ ਹੈ ਅਤੇ ਰਾਸ਼ਟਰਪਤੀ ਸ਼ਾਸਨ ਲਾਗੂ ਹੈ।