ਅਰਸ਼ਦ ਦਾ ਮੰਨਣਾ ਹੈ ਕਿ ਡਾਂਸ ਅਦਾਕਾਰੀ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਉਸ ਨੂੰ ਡਾਂਸ ਕਰਨਾ ਕਾਫ਼ੀ ਪਸੰਦ ਹੈ ਅਤੇ ਉਹ ਖ਼ੁਦ ਇੱਕ ਚੰਗਾ ਡਾਂਸਰ ਹੈ। ਉਸ ਨੇ ਇੱਕ ਡਾਂਸ ਸਕੂਲ ਵੀ ਖੋਲ੍ਹਿਆ ਸੀ …
ਸਾਲ 1993 ਦੀ ਫ਼ਿਲਮ ਰੂਪ ਕੀ ਰਾਨੀ ਚੋਰੋਂ ਕਾ ਰਾਜਾ ਅਤੇ ਕਈ ਸਟੇਜ ਸ਼ੋਅਜ਼ ਦੇ ਕੋਰੀਓਗ੍ਰਾਫ਼ਰ ਰਹਿ ਚੁੱਕੇ ਅਰਸ਼ਦ ਵਾਰਸੀ ਦਾ ਕਹਿਣਾ ਹੈ ਕਿ ਉਸ ਲਈ ਡਾਂਸ ਅਭਿਨੇ ਦਾ ਹੀ ਛੋਟਾ ਜਿਹਾ ਹਿੱਸਾ ਹੈ। ਉਸ ਦੀ ਇੱਛਾ ਹੈ ਕਿ ਉਹ ਖ਼ੁਦ ਦੀ ਅਜਿਹੇ ਅਦਾਕਾਰ ਵਜੋਂ ਪਛਾਣ ਬਣਾਏ ਜੋ ਡਾਂਸ ਕਰ ਸਕਦਾ ਹੋਵੇ। ਬੌਲੀਵੁਡ ‘ਚ ਸ਼ੁਰੂਆਤ ਤੋਂ ਪਹਿਲਾਂ ਉਸ ਨੇ ਕੋਰੀਓਗ੍ਰਾਫ਼ਰ ਦੇ ਰੂਪ ‘ਚ ਕੰਮ ਕੀਤਾ ਸੀ। ਉਸ ਨੇ ਡਾਂਸ ਸਕੂਲ ਵੀ ਖੋਲ੍ਹਿਆ ਸੀ ਅਤੇ 21 ਸਾਲ ਦੀ ਉਮਰ ‘ਚ ਇੰਗਲਿਸ਼ ਜੈਜ਼ ਡਾਂਸਿੰਗ ਮੁਕਾਬਲਾ ਜਿੱਤਿਆ ਸੀ।
ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਵਰੁਣ ਧਵਨ ਵਾਂਗ ਕਿਸੇ ਡਾਂਸ ਆਧਾਰਿਤ ਫ਼ਿਲਮ ‘ਚ ਕੰਮ ਕਰਨਾ ਚਾਹੁੰਦਾ ਹੈ, ਅਰਸ਼ਦ ਨੇ ਕਿਹਾ: ”ਜਦੋਂ ਮੈਂ ਫ਼ਿਲਮ ਉਦਯੋਗ ‘ਚ ਆਇਆ ਸੀ ਤਾਂ ਓਦੋਂ ਵੀ ਮੇਰੇ ਪਾਸੋਂ ਇਹੀ ਸਵਾਲ ਪੁੱਛਿਆ ਗਿਆ ਸੀ ਅਤੇ ਮੈਂ ਕਿਹਾ ਸੀ ਕਿ ਮੈਂ ਕਲਾਕਾਰ ਦੇ ਰੂਪ ‘ਚ ਪਛਾਣ ਬਣਾਉਣੀ ਚਾਹਾਂਗਾ ਜੋ ਡਾਂਸ ਕਰ ਸਕਦਾ ਹੈ ਬਜਾਏ ਇਸ ਦੇ ਕਿ ਮੈਂ ਇੱਕ ਡਾਂਸਰ ਹਾਂ ਜੋ ਅਭਿਨੇ ਕਰ ਸਕਦਾ ਹੈ। ਇਸ ਲਈ ਡਾਂਸ ਮੇਰੇ ਲਈ ਅਭਿਨੇ ਦਾ ਇੱਕ ਛੋਟਾ ਜਿਹਾ ਹਿੱਸਾ ਹੈ।” ਅਰਸ਼ਦ ਦਾ ਇਹ ਵੀ ਕਹਿਣਾ ਹੈ ਕਿ ਜੇ ਕੋਈ ਮੌਕਾ ਉਸ ਨੂੰ ਡਾਂਸ ਆਧਾਰਿਤ ਫ਼ਿਲਮ ਕਰਨ ਦਾ ਮਿਲਦਾ ਹੈ ਤਾਂ ਉਹ ਜ਼ਰੂਰ ਕਰੇਗਾ। ਅਰਸ਼ਦ ਦੀ ਹਾਲ ਹੀ ‘ਚ ਫ਼ਿਲਮ ਟੋਟਲ ਧਮਾਲ ਰਿਲੀਜ਼ ਹੋਈ ਹੈ।
ਇਸ ਕੌਮੇਡੀ ਫ਼ਿਲਮ ਨੇ ਹੁਣ ਤਕ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਇਸ ਫ਼ਿਲਮ ‘ਚ ਅਜੇ ਦੇਵਗਨ, ਜਾਵੇਦ ਜਾਫ਼ਰੀ, ਰਿਤੇਸ਼ ਦੇਸ਼ਮੁਖ, ਮਾਧੁਰੀ ਦੀਕਸ਼ਿਤ, ਅਨਿਲ ਕਪੂਰ ਵਰਗੇ ਕਲਾਕਾਰਾਂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਅਰਸ਼ਦ ਦੀਆਂ ਅੱਗੇ ਆਉਣ ਵਾਲੀਆਂ ਫ਼ਿਲਮਾਂ ‘ਚ ਪਾਗਲਪੰਤੀ ਅਤੇ ਆਂਖੇ-2 ਸ਼ਾਮਲ ਹਨ। ਫ਼ਿਲਮ ਪਾਗਲਪੰਤੀ ‘ਚ ਜੌਹਨ ਐਬਰਾਹਿਮ ਮੁੱਖ ਭੂਮਿਕਾ ਨਿਭਾ ਰਿਹਾ ਹੈ।